ਹਿਮਾਚਲ ਪ੍ਰਦੇਸ਼:ਅੱਜ ਕ੍ਰਿਕਟ ਵਿਸ਼ਵ ਕੱਪ 2023 ਦਾ 21ਵਾਂ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਚਪੀਸੀਏ ਸਟੇਡੀਅਮ, ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ, ਜੋ ਦੁਨੀਆ ਦੇ ਸਭ ਤੋਂ ਖੂਬਸੂਰਤ ਸਟੇਡੀਅਮਾਂ ਵਿੱਚੋਂ ਇੱਕ ਹੈ। ਦੋਵੇਂ ਟੀਮਾਂ ਨੇ ਹੁਣ ਤੱਕ ਖੇਡੇ ਸਾਰੇ ਚਾਰ ਮੈਚ ਜਿੱਤੇ ਹਨ ਅਤੇ ਦੋਵੇਂ ਹੀ ਅੰਕ ਸੂਚੀ ਵਿੱਚ ਚੋਟੀ ਦੀਆਂ 2 ਟੀਮਾਂ ਹਨ। ਇਹ ਮੈਚ ਦੋਵਾਂ ਟੀਮਾਂ ਲਈ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਲਈ ਵੀ ਕਾਫੀ ਅਹਿਮ ਹੈ, ਕਿਉਂਕਿ ਅੱਜ ਦਾ ਮੈਚ ਦੋਵਾਂ ਵਿੱਚੋਂ ਜੋ ਵੀ ਟੀਮ ਜਿੱਤੇਗੀ, ਉਸ ਦੀ ਸੈਮੀਫਾਈਨਲ ਦੀ ਟਿਕਟ ਲਗਭਗ ਪੱਕੀ ਹੋ ਜਾਵੇਗੀ।
ਜੇਕਰ ਟੀਮ ਇੰਡੀਆ ਨੂੰ ਵਿਸ਼ਵ ਕੱਪ 'ਚ ਭਾਰਤ ਨੂੰ ਹਰਾਉਣ ਵਾਲੀ ਨਿਊਜ਼ੀਲੈਂਡ ਖਿਲਾਫ ਅੱਜ ਦਾ ਮੈਚ ਜਿੱਤਣਾ ਹੈ, ਤਾਂ ਐਚਪੀਸੀਏ ਸਟੇਡੀਅਮ ਧਰਮਸ਼ਾਲਾ 'ਚ ਸ਼ਾਨਦਾਰ ਰਿਕਾਰਡ ਰੱਖਣ ਵਾਲੇ ਉਸ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਚੱਲਣਾ ਅਹਿਮ ਹੈ।
ਧਰਮਸ਼ਾਲਾ 'ਚ ਖੂਬ ਚੱਲਦਾ ਕੋਹਲੀ ਦਾ ਬੱਲਾ : ਦੁਨੀਆ ਦੇ ਸਭ ਤੋਂ ਉੱਚੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿੱਚ, ਸਾਬਕਾ ਭਾਰਤੀ ਕਪਤਾਨ ਅਤੇ ਸੱਜੇ ਹੱਥ ਦੇ ਬੱਲੇਬਾਜ਼ ਵਿਰਾਟ ਕੋਹਲੀ ਦਾ ਬੱਲਾ ਕਮਾਲ ਦਾ ਪ੍ਰਦਰਸ਼ਨ ਕਰਦਾ ਹੈ। ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਇਸ ਮੈਦਾਨ ਦੀ ਪਿੱਚ ਕੋਹਲੀ ਨੂੰ ਕਾਫੀ ਪਸੰਦ ਹੈ।
ਵਿਰਾਟ ਨੇ ਇੱਥੇ 4 ਪਾਰੀਆਂ 'ਚ 85.00 ਦੀ ਔਸਤ ਅਤੇ 133.70 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ ਕੁੱਲ 255 ਦੌੜਾਂ ਬਣਾਈਆਂ ਹਨ। ਇਸ ਮੈਦਾਨ 'ਤੇ ਉਸ ਦੇ ਨਾਂ ਇਕ ਸੈਂਕੜਾ ਅਤੇ ਇਕ ਅਰਧ ਸੈਂਕੜਾ ਹੈ ਅਤੇ ਉਸ ਦਾ ਸਰਵੋਤਮ ਸਕੋਰ 127 ਦੌੜਾਂ ਹੈ। ਵਿਰਾਟ ਇਸ ਮੈਦਾਨ 'ਤੇ ਸੈਂਕੜਾ ਲਗਾਉਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਹਨ।
ਵਿਸ਼ਵ ਕੱਪ 'ਚ ਨਿਊਜ਼ੀਲੈਂਡ ਹਮੇਸ਼ਾ ਭਾਰਤ ਉੱਤੇ ਪਿਆ ਭਾਰੀ: ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ 'ਚ ਭਾਰਤ ਅਤੇ ਨਿਊਜ਼ੀਲੈਂਡ ਦੇ ਅੰਕੜਿਆਂ ਦੀ ਗੱਲ ਕਰੀਏ, ਤਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਪਛਾੜ ਦਿੱਤਾ ਹੈ। ਵਿਸ਼ਵ ਕੱਪ 'ਚ ਹੁਣ ਤੱਕ ਦੋਵੇਂ ਟੀਮਾਂ 9 ਵਾਰ ਇਕ ਦੂਜੇ ਨਾਲ ਭਿੜ ਚੁੱਕੀਆਂ ਹਨ, ਜਿਨ੍ਹਾਂ 'ਚੋਂ ਨਿਊਜ਼ੀਲੈਂਡ ਨੇ 5 ਵਾਰ ਅਤੇ ਭਾਰਤ ਨੇ 3 ਵਾਰ ਮੈਚ ਜਿੱਤਿਆ ਹੈ, ਜਦਕਿ 1 ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਦੋਵੇਂ ਟੀਮਾਂ ਆਖਰੀ ਵਾਰ ਵਿਸ਼ਵ ਕੱਪ 2019 ਦੇ ਸੈਮੀਫਾਈਨਲ 'ਚ ਆਹਮੋ-ਸਾਹਮਣੇ ਹੋਈਆਂ ਸਨ, ਜਿੱਥੇ ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਭਾਰਤ ਦਾ ਸੁਪਨਾ ਤੋੜ ਦਿੱਤਾ ਸੀ।