ਕ੍ਰਾਈਸਟਚਰਚ : ਭਾਰਤੀ ਟੀਮ ਦੱਖਣੀ ਅਫ਼ਰੀਕਾ ਖਿਲਾਫ ਹੇਗਲੇ ਓਵਲ 'ਚ ਖੇਡੇ ਗਏ ਲੀਗ ਪੜਾਅ ਦੇ ਆਖਰੀ ਮੈਚ 'ਚ ਤਿੰਨ ਵਿਕਟਾਂ ਨਾਲ ਹਾਰ ਗਈ। ਟੀਮ ਦੀ ਖਰਾਬ ਗੇਂਦਬਾਜ਼ੀ ਕਾਰਨ ਭਾਰਤ ਸੈਮੀਫਾਈਨਲ ਤੋਂ ਬਾਹਰ ਹੋ ਗਿਆ। ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਨੇ 275 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਪਾਰ ਕਰ ਲਿਆ ਅਤੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ 275 ਦੌੜਾਂ ਦਾ ਟੀਚਾ ਦਿੱਤਾ ਸੀ। ਬੱਲੇਬਾਜ਼ੀ ਕਰਨ ਆਈ ਟੀਮ ਨੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ ਅਤੇ ਮੈਚ ਜਿੱਤ ਲਿਆ। ਟੀਮ 'ਚ ਲਿਜ਼ੇਲ ਲੀ ਦਾ ਪ੍ਰਦਰਸ਼ਨ ਖ਼ਰਾਬ ਰਿਹਾ, ਜਿਸ ਕਾਰਨ ਉਹ ਰਨ ਆਊਟ ਹੋ ਗਈ ਅਤੇ ਛੇ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ।
ਲਾਰਾ ਵੋਲਵਾਰਡ ਅਤੇ ਲਾਰਾ ਗੁਡਾਲ ਨੇ ਦੂਜੀ ਵਿਕਟ ਲਈ 125 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ, ਜਿਸ ਵਿੱਚ ਲਾਰਾ ਗੁਡਾਲ ਨੇ 49 ਦੌੜਾਂ ਬਣਾਈਆਂ ਅਤੇ ਗੇਂਦਬਾਜ਼ ਗਾਇਕਵਾੜ ਦੇ ਓਵਰ ਵਿੱਚ ਆਊਟ ਹੋ ਗਈ। ਹਾਲਾਂਕਿ ਉਸ ਤੋਂ ਬਾਅਦ ਲੌਰਾ ਵੋਲਵਾਰਡ ਵੀ 80 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ, ਉਸ ਨੂੰ ਆਪਣੇ ਓਵਰ ਵਿੱਚ ਹਰਮਨਪ੍ਰੀਤ ਕੌਰ ਨੇ ਕਲੀਨ ਬੋਲਡ ਕਰ ਦਿੱਤਾ। ਇਸ ਦੌਰਾਨ ਟੀਮ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 182 ਦੌੜਾਂ ਬਣਾਈਆਂ ਸਨ।
ਟੀਮ ਵੀ ਥੋੜੀ ਡਗਮਗਾਈ ਅਤੇ ਭਾਰਤੀ ਟੀਮ ਦੇ ਮੈਚ ਜਿੱਤਣ ਦੀਆਂ ਸੰਭਾਵਨਾਵਾਂ ਵਧੀਆਂ ਹੀ ਸਨ ਕਿ ਮਿਗਨੋਨ ਡੂ ਪ੍ਰੀਜ਼ ਨੇ ਖੇਡ ਨੂੰ ਅੰਤ ਤੱਕ ਲੈ ਲਿਆ, ਇਸ ਦੌਰਾਨ ਉਸ ਨੂੰ ਵੀ ਲਾਈਫਲਾਈਨ ਮਿਲੀ, ਦੀਪਤੀ ਸ਼ਰਮਾ ਨੇ ਆਪਣੇ ਆਖਰੀ ਓਵਰ ਵਿੱਚ ਉਸ ਨੂੰ ਕੈਚ ਆਊਟ ਕਰ ਦਿੱਤਾ ਸੀ। ਪਰ, ਅੰਪਾਇਰ ਨੇ ਇਸ ਗੇਂਦ ਨੂੰ ਨੋ-ਬਾਲ ਕਰਾਰ ਦਿੰਦਿਆਂ ਫ੍ਰੀ ਹਿੱਟ ਦੇ ਕੇ ਦੱਖਣੀ ਅਫ਼ਰੀਕਾ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ।