ਹੈਦਰਾਬਾਦ:ਆਈਸੀਸੀ (ICC) ਦੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਭਾਰਤੀ ਮਹਿਲਾ ਟੀਮ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਟਾਪ-10 ਵਿੱਚ ਵਾਪਸੀ ਕਰ ਗਈ ਹੈ। ਜਦਕਿ ਕਪਤਾਨ ਮਿਤਾਲੀ ਰਾਜ ਆਪਣੀ ਰੈਂਕਿੰਗ ਬਚਾਉਣ 'ਚ ਕਾਮਯਾਬ ਰਹੀ ਹੈ। ਇਸ ਦੇ ਨਾਲ ਹੀ ਹਰਮਨਪ੍ਰੀਤ ਕੌਰ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਵਨਡੇ ਬੱਲੇਬਾਜ਼ੀ ਰੈਂਕਿੰਗ 'ਚ ਮੰਧਾਨਾ ਹੁਣ ਇਕ ਵਾਰ ਫਿਰ ਬੱਲੇਬਾਜ਼ਾਂ ਦੀ ਸੂਚੀ 'ਚ ਟਾਪ-10 'ਚ ਵਾਪਸ ਆ ਗਈ ਹੈ। ਮੰਧਾਨਾ ਦੇ 663 ਰੇਟਿੰਗ ਅੰਕ ਹਨ ਅਤੇ ਹੁਣ ਉਹ ਇਕ ਸਥਾਨ ਦੇ ਸੁਧਾਰ ਨਾਲ 10ਵੇਂ ਨੰਬਰ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਕਪਤਾਨ ਮਿਤਾਲੀ ਰਾਜ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ ਸੱਤਵੇਂ ਤੋਂ ਅੱਠਵੇਂ ਸਥਾਨ 'ਤੇ ਖਿਸਕ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਧਾਨਾ ਟਾਪ-10 ਤੋਂ ਬਾਹਰ ਹੋ ਚੁੱਕੀ ਸੀ। ਪਰ ਹੁਣ ਉਸ ਨੇ ਮੁੜ ਇਸ ਵਿੱਚ ਥਾਂ ਬਣਾ ਲਈ ਹੈ। ਉਸ ਨੇ ਮੰਗਲਵਾਰ ਨੂੰ ਬੰਗਲਾਦੇਸ਼ ਖਿਲਾਫ 30 ਦੌੜਾਂ ਬਣਾਈਆਂ। ਮੰਧਾਨਾ ਤੋਂ ਇਲਾਵਾ ਸਿਰਫ ਕਪਤਾਨ ਮਿਤਾਲੀ ਹੀ ਬੱਲੇਬਾਜ਼ਾਂ ਦੀ ਸੂਚੀ 'ਚ ਟਾਪ-10 'ਚ ਬਣੀ ਹੋਈ ਹੈ। ਉਸ ਦੇ 696 ਰੇਟਿੰਗ ਅੰਕ ਹਨ।