ਹੈਦਰਾਬਾਦ:ਪਾਕਿਸਤਾਨ ਵੱਲੋਂ ਦਿੱਤੇ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨੀਦਰਲੈਂਡ ਦੀ ਟੀਮ 41 ਓਵਰਾਂ 'ਚ 205 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਪਾਕਿਸਤਾਨ ਨੇ ਇਹ ਮੈਚ 81 ਦੌੜਾਂ ਨਾਲ ਜਿੱਤ ਲਿਆ। ਪਾਕਿਸਤਾਨ ਲਈ ਸਟਾਰ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਹਸਨ ਅਲੀ ਨੇ ਵੀ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਨੀਦਰਲੈਂਡ ਲਈ ਬਾਸ ਡੀ ਲੀਡੇ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ। ਓਪਨਰ ਬੱਲੇਬਾਜ਼ ਵਿਕਰਮਜੀਤ ਸਿੰਘ ਨੇ ਵੀ 52 ਦੌੜਾਂ ਦੀ ਪਾਰੀ ਖੇਡੀ।
ਇੰਝ ਢੇਰ ਹੋਇਆ ਨੀਦਰਲੈਂਡ: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਮੈਕਸ ਓ'ਡਾਊਡ ਨੂੰ ਛੇਵੇਂ ਓਵਰ ਦੀ 5ਵੀਂ ਗੇਂਦ 'ਤੇ ਸ਼ਾਹੀਨ ਅਫਰੀਦੀ ਹੱਥੋਂ ਕੈਚ ਆਊਟ ਕਰਵਾ ਦਿੱਤਾ। ਪਾਕਿਸਤਾਨ ਵੱਲੋਂ ਦਿੱਤੇ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਦੀ ਟੀਮ ਦੀ ਸ਼ੁਰੂਆਤ ਕਾਫੀ ਚੰਗੀ ਰਹੀ ਹੈ। 10 ਓਵਰਾਂ ਦੇ ਅੰਤ ਤੱਕ ਨੀਦਰਲੈਂਡ ਨੇ 1 ਵਿਕਟ ਗੁਆ ਕੇ 47 ਦੌੜਾਂ ਬਣਾ ਲਈਆਂ ਸਨ। ਪਾਕਿਸਤਾਨ ਦੇ ਸਪਿਨਰ ਇਫਤਿਖਾਰ ਅਹਿਮਦ ਨੇ 12ਵੇਂ ਓਵਰ ਦੀ ਪਹਿਲੀ ਗੇਂਦ 'ਤੇ ਕੋਲਿਨ ਐਕਰਮੈਨ (17) ਨੂੰ ਕਲੀਨ ਬੋਲਡ ਕਰ ਦਿੱਤਾ।ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੇ 5 ਦੌੜਾਂ ਦੇ ਨਿੱਜੀ ਸਕੋਰ 'ਤੇ ਤੇਜਾ ਨਿਦਾਮਨੁਰੂ ਨੂੰ 27ਵੇਂ ਓਵਰ ਦੀ ਦੂਜੀ ਗੇਂਦ 'ਤੇ ਫਖਰ ਜ਼ਮਾਨ ਹੱਥੋਂ ਕੈਚ ਆਊਟ ਕਰਵਾ ਦਿੱਤਾ। ਫਿਰ ਚੌਥੀ ਗੇਂਦ 'ਤੇ ਉਸ ਨੇ ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ ਨੂੰ ਗੋਲਡਨ ਡੱਕ 'ਤੇ ਆਊਟ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਪਾਕਿਸਤਾਨ ਦੇ ਖੱਬੇ ਹੱਥ ਦੇ ਸਟਾਰ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਸਾਕਿਬ ਜ਼ੁਲਫਿਕਾਰ ਨੂੰ 33ਵੇਂ ਓਵਰ ਦੀ ਪਹਿਲੀ ਗੇਂਦ 'ਤੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਐੱਲ.ਬੀ.ਡਬਲਯੂ. ਕੀਤਾ। ਪਾਕਿਸਤਾਨ ਦੇ ਆਫ ਸਪਿਨਰ ਮੁਹੰਮਦ ਨਵਾਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਬਾਸ ਡੀ ਲੀਡੇ ਨੂੰ 34ਵੇਂ ਓਵਰ ਦੀ ਦੂਜੀ ਗੇਂਦ 'ਤੇ 67 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ।
ਜਿੱਤ ਲਈ 287 ਦੌੜਾਂ ਦੀ ਟੀਚਾ:ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਟੀਮ 49 ਓਵਰਾਂ 'ਚ 286 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਮੈਚ ਵਿੱਚ ਇੱਕ ਸਮੇਂ ਪਾਕਿਸਤਾਨ ਦਾ ਸਕੋਰ 38-3 ਸੀ ਪਰ ਇਸ ਤੋਂ ਬਾਅਦ ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ ਪਾਕਿਸਤਾਨ ਦੀ ਪਾਰੀ ਨੂੰ ਸੰਭਾਲ ਲਿਆ। ਰਿਜ਼ਵਾਨ ਅਤੇ ਸ਼ਕੀਲ ਨੇ 68-68 ਦੌੜਾਂ ਦੀ ਪਾਰੀ ਖੇਡੀ। ਜਦੋਂ ਕਿ ਨੀਦਰਲੈਂਡ ਲਈ ਆਲਰਾਊਂਡਰ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਾਸ ਡੀ ਲੀਡੇ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਨੀਦਰਲੈਂਡ ਨੂੰ ਇਹ ਮੈਚ ਜਿੱਤਣ ਲਈ 287 ਦੌੜਾਂ ਦਾ ਟੀਚਾ ਹਾਸਲ ਕਰਨਾ ਹੋਵੇਗਾ।