ਚੰਡੀਗੜ੍ਹ :ਆਸਟਰੇਲੀਆ ਦੇ ਯੂਥ ਸਿਲੈਕਸ਼ਨ ਪੈਨਲ (ਵਾਈਐਸਪੀ) ਨੇ ਆਗਾਮੀ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿੱਚ ਦੋ ਨੌਜਵਾਨ ਪੰਜਾਬੀ ਖਿਡਾਰੀਆਂ ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਹ ਚੋਣ ਪਿਛਲੇ ਹਫ਼ਤੇ ਐਲਬਰੀ ਵਿੱਚ ਹੋਈ 2023 ਅੰਡਰ-19 ਪੁਰਸ਼ਾਂ ਦੀ ਕੌਮੀ ਚੈਂਪੀਅਨਸ਼ਿਪ ਦੌਰਾਨ ਕੀਤੀ ਗਈ ਸੀ। ਅੰਡਰ-19 ਵਿਸ਼ਵ ਕੱਪ ਪਹਿਲਾਂ ਸ਼੍ਰੀਲੰਕਾ 'ਚ ਹੋਣ ਵਾਲਾ ਸੀ ਪਰ ਕੁਝ ਸਮਾਂ ਪਹਿਲਾਂ ਇਸ ਦਾ ਸਥਾਨ ਦੱਖਣੀ ਅਫਰੀਕਾ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਹੁਣ ਇਹ 19 ਜਨਵਰੀ ਤੋਂ ਦੱਖਣੀ ਅਫਰੀਕਾ ਵਿੱਚ ਪੰਜ ਸਥਾਨਾਂ 'ਤੇ ਆਯੋਜਿਤ ਕੀਤਾ ਜਾਵੇਗਾ। ਫਾਈਨਲ 11 ਫਰਵਰੀ ਨੂੰ ਬੇਨੋਨੀ ਵਿੱਚ ਹੋਵੇਗਾ।
ਭਾਰਤੀ ਮੂਲ ਦੇ ਖਿਡਾਰੀਆਂ ਦਾ ਆਸਟਰੇਲਿਆਈ ਟੀਮ ਵਿੱਚ ਸ਼ਾਮਲ ਹੋਣਾ ਕੋਈ ਅਸਾਧਾਰਨ ਗੱਲ ਨਹੀਂ ਹੈ। ਅੰਡਰ-19 ਵਿਸ਼ਵ ਕੱਪ ਦੇ 2018 ਐਡੀਸ਼ਨ ਦੌਰਾਨ ਜੇਸਨ ਸੰਘਾ ਨੇ ਆਸਟ੍ਰੇਲੀਆ ਦੀ ਅਗਵਾਈ ਕੀਤੀ। ਇਸ ਦੇ ਨਾਲ ਹੀ ਅਰਜੁਨ ਨਾਇਰ ਅਤੇ ਤਨਵੀਰ ਸੰਘਾ ਵੀ ਆਸਟ੍ਰੇਲੀਆ ਦੀ ਨੁਮਾਇੰਦਗੀ ਕਰ ਚੁੱਕੇ ਹਨ। ਹੁਣ ਪੰਜਾਬ ਦੇ ਦੋ ਖਿਡਾਰੀ ਆਸਟ੍ਰੇਲੀਆ ਦੀ ਟੀਮ 'ਚ ਜਗ੍ਹਾ ਬਣਾ ਚੁੱਕੇ ਹਨ।