ਨਵੀਂ ਦਿੱਲੀ:ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੇ 2 ਫਰਵਰੀ ਨੂੰ ਅਹਿਮਦਾਬਾਦ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਤੀਜੇ ਟੀ-20 ਮੈਚ 'ਚ 126 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇੰਨਾ ਹੀ ਨਹੀਂ ਗਿੱਲ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਵੀ ਲਗਾਇਆ। ਗਿੱਲ ਨੇ ਮੈਚ ਵਿੱਚ ਤੇਜ਼ ਬੱਲੇਬਾਜ਼ੀ ਕਰਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ। ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੇ ਸ਼ੁਭਮਨ ਗਿੱਲ ਦਾ ਇੰਟਰਵਿਊ ਲਿਆ। ਇਸ ਦਾ ਵੀਡੀਓ BCCI ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਗਿੱਲ ਆਪਣੇ ਪ੍ਰਦਰਸ਼ਨ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਇਸ ਮੈਚ 'ਚ ਸ਼ੁਭਮਨ ਗਿੱਲ ਨੇ ਆਪਣੀ ਸ਼ਾਨਦਾਰ ਪਾਰੀ ਬਾਰੇ ਕਿਹਾ ਕਿ ਉਸ ਨੇ ਕੁਝ ਵੱਖਰਾ ਨਹੀਂ ਕੀਤਾ ਹੈ ਅਤੇ ਬਸ ਆਪਣੀ ਕੁਦਰਤੀ ਖੇਡ ਖੇਡੀ ਹੈ। ਹਾਰਦਿਕ ਪੰਡਯਾ ਦੇ ਸਵਾਲ ਦੇ ਜਵਾਬ 'ਚ ਗਿੱਲ ਨੇ ਕਿਹਾ ਕਿ 'ਜਦੋਂ ਤੁਸੀਂ ਅਭਿਆਸ ਕਰਦੇ ਹੋ ਅਤੇ ਨਤੀਜਾ ਪ੍ਰਾਪਤ ਕਰਦੇ ਹੋ ਤਾਂ ਚੰਗਾ ਲੱਗਦਾ ਹੈ। ਟੀਮ ਲਈ ਚੰਗੀ ਪਾਰੀ ਖੇਡ ਕੇ ਬਹੁਤ ਖੁਸ਼ ਹਾਂ, ਛੱਕੇ ਮਾਰਨ ਦੀ ਹਰ ਕਿਸੇ ਦੀ ਆਪਣੀ ਤਕਨੀਕ ਹੁੰਦੀ ਹੈ। ਹਾਰਦਿਕ ਨੇ ਮੈਨੂੰ ਆਪਣੀ ਕੁਦਰਤੀ ਖੇਡ ਖੇਡਣ ਲਈ ਕਿਹਾ ਅਤੇ ਮੈਨੂੰ ਕੁਝ ਵੱਖਰਾ ਕਰਨ ਦੀ ਲੋੜ ਨਹੀਂ ਹੈ। ਇਸ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ 168 ਦੌੜਾਂ 'ਤੇ ਆਊਟ ਕਰ ਦਿੱਤਾ।