ਨਵੀਂ ਦਿੱਲੀ:ਹਾਰਦਿਕ ਪੰਡਯਾ ਦੀ ਕਪਤਾਨੀ 'ਚ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਜਿੱਤ ਲਈ ਹੈ। ਕਪਤਾਨ ਹਾਰਦਿਕ ਪੰਡਯਾ ਨੂੰ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ। ਤੀਜੇ ਟੀ-20 'ਚ 168 ਦੌੜਾਂ ਦੀ ਇਤਿਹਾਸਕ ਜਿੱਤ ਤੋਂ ਬਾਅਦ ਹਾਰਦਿਕ ਨੇ ਕਿਹਾ, 'ਟੀਮ 'ਚ ਉਨ੍ਹਾਂ ਦੀ ਭੂਮਿਕਾ ਹੁਣ ਉਹੀ ਹੈ ਜੋ ਮਾਹੀ ਭਾਈ ਦੀ ਹੁੰਦੀ ਸੀ। 'ਕਪਤਾਨ ਹਾਰਦਿਕ ਪੰਡਯਾ ਨੇ ਕਿਹਾ, 'ਮੈਨੂੰ ਉਹ ਭੂਮਿਕਾ ਨਿਭਾਉਣ 'ਚ ਕੋਈ ਦਿੱਕਤ ਨਹੀਂ ਹੈ ਜੋ ਮਾਹੀ (ਐੱਮਐੱਸ ਧੋਨੀ) ਨਿਭਾਉਂਦੇ ਸਨ।
ਹਾਰਦਿਕ ਪੰਡਯਾ ਨੇ ਕਿਹਾ, 'ਉਸ ਸਮੇਂ, ਮੈਂ ਜਵਾਨ ਸੀ ਅਤੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਮਾਰਦਾ ਸੀ। ਜਦੋਂ ਤੋਂ ਧੋਨੀ ਭਾਈ ਨੇ ਟੀਮ ਛੱਡੀ ਹੈ, ਉਦੋਂ ਤੋਂ ਇਹ ਜ਼ਿੰਮੇਵਾਰੀ ਮੇਰੇ 'ਤੇ ਆ ਗਈ ਹੈ। ਮੈਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। ਸਾਨੂੰ ਚੰਗੇ ਨਤੀਜੇ ਮਿਲ ਰਹੇ ਹਨ, ਭਾਵੇਂ ਮੈਨੂੰ ਥੋੜ੍ਹਾ ਹੌਲੀ ਖੇਡਣਾ ਪਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤੀਜੇ ਟੀ-20 ਮੈਚ 'ਚ ਹਾਰਦਿਕ ਨੇ 17 ਗੇਂਦਾਂ 'ਤੇ 30 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਉਸ ਨੇ ਗੇਂਦਬਾਜ਼ੀ ਕੀਤੀ ਅਤੇ 4 ਵਿਕਟਾਂ ਵੀ ਲਈਆਂ।