ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਖਿਲਾਫ ਦਿੱਲੀ ਹਾਈਕੋਰਟ 'ਚ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ। ਜਸਟਿਸ ਪ੍ਰਤਿਭਾ ਸਿੰਘ ਦੀ ਬੈਂਚ ਇਸ ਪਟੀਸ਼ਨ 'ਤੇ 18 ਜਨਵਰੀ ਨੂੰ ਸੁਣਵਾਈ ਕਰੇਗੀ। ਧੋਨੀ ਦੇ ਖਿਲਾਫ ਮਾਣਹਾਨੀ ਦੀ ਪਟੀਸ਼ਨ ਉਨ੍ਹਾਂ ਦੇ ਸਾਬਕਾ ਕਾਰੋਬਾਰੀ ਪਾਰਟਨਰ ਮਿਹਿਰ ਦਿਵਾਕਰ ਅਤੇ ਉਨ੍ਹਾਂ ਦੀ ਪਤਨੀ ਸੌਮਿਆ ਦਾਸ ਨੇ ਦਾਇਰ ਕੀਤੀ ਹੈ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਧੋਨੀ ਪਟੀਸ਼ਨਰਾਂ 'ਤੇ 2017 'ਚ ਉਨ੍ਹਾਂ ਵਿਚਾਲੇ ਹੋਏ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾ ਰਹੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਧੋਨੀ ਨੇ 6 ਜਨਵਰੀ 2024 ਨੂੰ ਇਕ ਪ੍ਰੈਸ ਕਾਨਫਰੰਸ ਵਿਚ ਦੋਸ਼ ਲਗਾਇਆ ਸੀ ਕਿ ਪਟੀਸ਼ਨਕਰਤਾ ਨੇ ਉਨ੍ਹਾਂ ਨਾਲ 15 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਮਾਮਲੇ 'ਚ ਧੋਨੀ ਨੇ ਰਾਂਚੀ 'ਚ ਦਿਵਾਕਰ ਅਤੇ ਸੌਮਿਆ ਦਾਸ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ ਕਿ ਰਾਂਚੀ ਦੀ ਅਦਾਲਤ ਇਸ ਮਾਮਲੇ 'ਚ ਕੋਈ ਹੁਕਮ ਦਿੰਦੀ, ਧੋਨੀ ਦੀ ਤਰਫੋਂ ਉਨ੍ਹਾਂ ਦੇ ਵਕੀਲ ਦਯਾਨੰਦ ਸ਼ਰਮਾ ਨੇ ਪ੍ਰੈੱਸ ਕਾਨਫਰੰਸ 'ਚ ਝੂਠੇ ਅਤੇ ਮਨਘੜਤ ਦੋਸ਼ ਲਗਾਏ ਹਨ।