ਨਵੀਂ ਦਿੱਲੀ— ਭਾਰਤੀ ਟੀਮ ਨੇ ਵਿਸ਼ਵ ਕੱਪ 2023 'ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਹੁਣ ਤੱਕ ਪੰਜ ਮੈਚ ਜਿੱਤ ਚੁੱਕੀ ਹੈ। ਨਿਊਜ਼ੀਲੈਂਡ ਖ਼ਿਲਾਫ਼ ਐਤਵਾਰ ਨੂੰ ਮਿਲੀ ਜਿੱਤ ਨਾਲ ਸੈਮੀਫਾਈਨਲ ਵਿੱਚ ਭਾਰਤ ਦਾ ਰਸਤਾ ਆਸਾਨ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਅੰਕ ਸੂਚੀ ਵਿਚ ਵੀ ਸਿਖਰ 'ਤੇ ਪਹੁੰਚ ਗਿਆ ਹੈ। ਇਸ ਮੈਚ ਦੀ ਜਿੱਤ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਂ ਕਈ ਨਵੇਂ ਰਿਕਾਰਡ ਦਰਜ ਹੋ ਗਏ ਹਨ।
ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ 20 ਸਾਲ ਬਾਅਦ ਨਿਊਜ਼ੀਲੈਂਡ ਨੂੰ ਹਰਾਇਆ ਹੈ। ਭਾਰਤ 20 ਸਾਲਾਂ ਤੋਂ ਇਸ ਜਿੱਤ ਲਈ ਤਰਸ ਰਿਹਾ ਸੀ, ਕੱਲ੍ਹ ਐਤਵਾਰ ਨੂੰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਇਹ ਜਿੱਤ ਹਾਸਿਲ ਕੀਤੀ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖ਼ਿਲਾਫ਼ ਪੰਜਵੇਂ ਓਵਰ ਵਿੱਚ ਵਿਸ਼ਵ ਕੱਪ ਵਿੱਚ ਆਪਣਾ 38ਵਾਂ ਛੱਕਾ ਜੜਿਆ। ਇਸ ਤੋਂ ਪਹਿਲਾਂ ਵਿਸ਼ਵ ਕੱਪ 'ਚ ਸਭ ਤੋਂ ਵੱਧ 37 ਛੱਕੇ ਲਗਾਉਣ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਬੱਲੇਬਾਜ਼ ਏਬੀ ਡਿਵਿਲੀਅਰਸ ਦੇ ਨਾਂ ਸੀ।