ਪੁਣੇ: ਵਿਸ਼ਵ ਕੱਪ 2023 ਦਾ 40ਵਾਂ ਮੈਚ ਬੁੱਧਵਾਰ ਨੂੰ ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਮੌਜੂਦਾ ਚੈਂਪੀਅਨ ਇੰਗਲੈਂਡ ਨੇ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ 7 ਮੈਚਾਂ ਵਿੱਚੋਂ ਸਿਰਫ਼ ਇੱਕ ਮੈਚ ਜਿੱਤਿਆ ਹੈ ਅਤੇ ਉਹ ਅੰਕ ਸੂਚੀ ਵਿੱਚ ਦਸਵੇਂ ਸਥਾਨ 'ਤੇ ਹੈ। ਜਦਕਿ ਨੀਦਰਲੈਂਡ ਨੇ ਇਸ ਵਿਸ਼ਵ ਕੱਪ 'ਚ 7 'ਚੋਂ 2 ਮੈਚ ਜਿੱਤੇ ਹਨ।
ਇੰਗਲੈਂਡ ਦੀ ਟੀਮ ਭਾਵੇਂ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀ ਹੈ ਪਰ ਜਦੋਂ ਉਹ ਨੀਦਰਲੈਂਡ ਖ਼ਿਲਾਫ਼ ਖੇਡੇਗੀ ਤਾਂ ਉਸ ਦਾ ਇਰਾਦਾ ਇਸ ਵਿਸ਼ਵ ਕੱਪ ਵਿੱਚ ਆਪਣਾ ਮਾਣ ਬਚਾਉਣ ਦਾ ਹੋਵੇਗਾ। ਇੰਗਲੈਂਡ ਨੇ ਆਪਣਾ ਪਿਛਲਾ ਮੈਚ ਆਸਟ੍ਰੇਲੀਆ ਤੋਂ 33 ਦੌੜਾਂ ਨਾਲ ਹਾਰਿਆ ਸੀ। ਦੂਜੇ ਪਾਸੇ ਨੀਦਰਲੈਂਡ ਅਫਗਾਨਿਸਤਾਨ ਖਿਲਾਫ ਆਪਣਾ ਪਿਛਲਾ ਮੈਚ ਹਾਰ ਗਈ ਸੀ। ਚੈਂਪੀਅਨਜ਼ ਟਰਾਫੀ 2025 ਲਈ ਕੁਆਲੀਫਾਈ ਕਰਨ ਲਈ ਦੋਵਾਂ ਟੀਮਾਂ ਦੇ ਬਾਕੀ ਮੈਚ ਬਹੁਤ ਮਹੱਤਵਪੂਰਨ ਹਨ। ਇਸ ਲਈ ਦੋਵੇਂ ਟੀਮਾਂ ਅਗਲੇ ਆਈਸੀਸੀ ਵਨਡੇ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਲਈ ਚੋਟੀ ਦੇ ਅੱਠ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਕਰਨਗੀਆਂ।
ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਮੈਚਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 6 ਮੈਚ ਖੇਡੇ ਜਾ ਚੁੱਕੇ ਹਨ। ਜਿਸ ਵਿੱਚ ਇੰਗਲੈਂਡ ਨੇ ਸਾਰੇ ਮੈਚ ਜਿੱਤੇ ਹਨ।
ਪਿੱਚ ਰਿਪੋਰਟ: ਮਹਾਰਾਸ਼ਟਰ ਕ੍ਰਿਕਟ ਸੰਘ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਹੈ। ਹਾਲਾਂਕਿ ਤੇਜ਼ ਗੇਂਦਬਾਜ਼ਾਂ ਨੂੰ ਪਿੱਚ ਵਿੱਚ ਉਛਾਲ ਦਿਖਾਈ ਦੇ ਸਕਦਾ ਹੈ। ਪੁਣੇ ਦੇ ਐਮਸੀਏ ਸਟੇਡੀਅਮ ਵਿੱਚ ਹੁਣ ਤੱਕ 10 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ਵਿੱਚੋਂ 5 ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਅਤੇ 5 ਪਹਿਲਾਂ ਗੇਂਦਬਾਜ਼ੀ ਕਰਦਿਆਂ ਟੀਮ ਨੇ ਜਿੱਤੇ ਹਨ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 300 ਦੌੜਾਂ ਹੈ। ਇਸ ਦੇ ਨਾਲ ਹੀ ਦੂਜੀ ਪਾਰੀ ਦਾ ਔਸਤ ਸਕੋਰ 264 ਦੌੜਾਂ ਹੈ।