ਮੁੰਬਈ (ਬਿਊਰੋ)—ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚਾਂ ਨੂੰ ਦੇਖਣ ਲਈ ਪ੍ਰਸ਼ੰਸਕ ਇੰਨੇ ਉਤਸੁਕ ਹਨ ਕਿ ਉਹ ਮਹਿੰਗੀਆਂ ਟਿਕਟਾਂ ਖਰੀਦਣ ਲਈ ਤਿਆਰ ਹਨ। ਅਤੇ ਬਾਜ਼ਾਰ ਵਿੱਚ ਕਾਲਾਬਾਜ਼ਾਰੀ ਕਰਨ ਵਾਲੇ ਲੋਕ ਇਸ ਦਾ ਫਾਇਦਾ ਉਠਾ ਰਹੇ ਹਨ। ਸੈਮੀਫਾਈਨਲ ਮੈਚਾਂ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਵਿਸ਼ਵ ਕੱਪ 2023 ਦੇ ਭਾਰਤ-ਨਿਊਜ਼ੀਲੈਂਡ ਵਿਸ਼ਵ ਕੱਪ ਸੈਮੀਫਾਈਨਲ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਵਿੱਚ ਮੁੰਬਈ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਟਿਕਟਾਂ ਦੀ ਕਾਲਾਬਾਜ਼ਾਰੀ :ਮਹਾਰਾਸ਼ਟਰ ਪੁਲਸ ਨੇ ਬੁੱਧਵਾਰ ਨੂੰ ਟਿਕਟਾਂ ਦੀ ਕਾਲਾਬਾਜ਼ਾਰੀ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰੇਕ ਟਿਕਟ ਦੀ ਕੀਮਤ 27,000 ਰੁਪਏ ਤੋਂ ਲੈ ਕੇ 2,50,000 ਰੁਪਏ ਤੱਕ ਸੀ, ਜੋ ਕਿ ਪੁਲਿਸ ਮੁਤਾਬਕ ਅਸਲ ਕੀਮਤ ਤੋਂ ਲਗਭਗ 10 ਤੋਂ 100 ਗੁਣਾ ਜ਼ਿਆਦਾ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਆਕਾਸ਼ ਕੋਠਾਰੀ ਦੇ ਰੂਪ 'ਚ ਹੋਈ ਹੈ।ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਗਰੁੱਪਾਂ 'ਚ ਵਟਸਐਪ ਸੰਦੇਸ਼ਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਟਿਕਟਾਂ ਦੀ ਕੀਮਤ 27,000 ਤੋਂ 2.5 ਲੱਖ ਰੁਪਏ ਦੇ ਵਿਚਕਾਰ ਵੇਚੀ ਜਾ ਰਹੀ ਸੀ। ਫੜਿਆ ਗਿਆ ਵਿਅਕਤੀ ਅਸਲ ਕੀਮਤ ਤੋਂ ਚਾਰ ਤੋਂ ਪੰਜ ਗੁਣਾ ਵੱਧ ਟਿਕਟਾਂ ਵੇਚ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਉਸ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 420 ਅਤੇ 511 ਦੇ ਤਹਿਤ ਧੋਖਾਧੜੀ ਅਤੇ ਹੋਰ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਗਿਆ ਹੈ।