ਮੈਨਚੈਸਟਰ: ਆਈਸੀਸੀ ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ 9 ਜੁਲਾਈ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ਵਿਖੇ ਖੇਡਿਆ ਜਾਵੇਗਾ।
11 ਵਰ੍ਹਿਆਂ ਬਾਅਦ ਕੋਹਲੀ ਤੇ ਵਿਲੀਅਮਸਨ ਮੁੜ ਆਹਮੋ-ਸਾਹਮਣੇ
9 ਜੁਲਾਈ ਦੇ ਮੁਕਾਬਲੇ 'ਚ ਵਿਰਾਟ ਕੋਹਲੀ ਤੇ ਕੇਨ ਵਿਲੀਅਮਸਨ ਆਪਣੀ-ਆਪਣੀ ਟੀਮ ਦੀ ਅਗਵਾਈ ਕਰਨਗੇ। ਇਸ ਤੋਂ ਪਹਿਲਾਂ 2008 ' ਚ ਅੰਡਰ-19 ਵਰਲਡ ਕੱਪ ਦੇ ਸੈਮੀਫਾਈਨਲ ‘ਚ ਦੋਵੇਂ ਕਪਤਾਨ ਇੱਕ-ਦੂਜੇ ਦੇ ਸਾਹਮਣੇ ਸੀ, ਜਿਸ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਡਕਵਰਥ ਲੁਈਸ ਨਿਯਮ ਮੁਤਾਬਕ 3 ਵਿਕਟਾਂ ਤੋਂ ਹਰਾਇਆ ਸੀ।
ਇਹ ਵੀ ਪੜ੍ਹੋ: ਸੈਮੀਫਾਈਨਲ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੂੰ ਲੱਗਾ ਵੱਡਾ ਝਟਕਾ, ਇਹ 2 ਖਿਡਾਰੀ ਹੋਏ ਫਟੜ
ਇਸ ਮੈਚ 'ਚ ਨਿਊਜ਼ੀਲੈਂਡ ਨੇ 8 ਵਿਕਟਾਂ ‘ਤੇ 205 ਦੌੜਾਂ ਬਣਾਈਆਂ ਸੀ। ਟੀਮ ਇੰਡੀਆ ਨੇ 41.3 ਓਵਰਾਂ ‘ਚ 7 ਵਿਕਟਾਂ ‘ਤੇ 191 ਦੌੜਾਂ ਬਣਾਈਆਂ ਸੀ ਤੇ ਮੀਂਹ ਕਾਰਨ ਮੈਚ ਰੋਕ ਦਿੱਤਾ ਗਿਆ ਸੀ। ਕਪਤਾਨ ਕੋਹਲੀ ਨੇ 43 ਦੌੜਾਂ ਤੋਂ ਇਲਾਵਾ ਦੋ ਵਿਕਟਾਂ ਵੀ ਲਈਆਂ ਸਨ। ਕੀਵੀ ਕਪਤਾਨ ਕੇਨ ਵਿਲੀਅਮਸਨ ਨੇ 37 ਦੌੜਾਂ ਬਣਾਈਆਂ ਸੀ।
ਹੁਣ ਇਹ ਦੋਵੇਂ ਕਪਤਾਨ 11 ਸਾਲ ਬਾਅਦ ਇੱਕ ਵਾਰ ਫੇਰ ਵਰਲਡ ਕੱਪ ਦੇ ਸੈਮੀਫਾਈਨਲ ‘ਚ ਭਿੜਣਗੇ। ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ 16 ਸਾਲ ਬਾਅਦ ਵਰਲਡ ਕੱਪ ‘ਚ ਇੱਕ ਦੂਜੇ ਨੂੰ ਟੱਕਰ ਦੇਣਗੀਆਂ। ਦੋਵਾਂ ਦਾ ਆਖਰੀ ਵਾਰ ਮੁਕਾਬਲਾ 2003 ‘ਚ ਹੋਇਆ ਸੀ।
ਮੀਂਹ ਪਾ ਸਕਦੈ ਰੰਗ 'ਚ ਭੰਗ
ਭਾਰਤ-ਨਿਊਜ਼ੀਲੈਂਡ ਦੇ ਇਸ ਮੈਚ 'ਚ ਮੌਸਮ ਵਿਲੇਨ ਬਣ ਸਕਦਾ ਹੈ। 9 ਜੁਲਾਈ ਨੂੰ ਮੈਨਚੈਸਟਰ 'ਚ ਮੀਂਹ ਦੀ ਸੰਭਾਵਨਾ ਹੈ। ਇਸ ਵਿਸ਼ਵ ਕੱਪ 'ਚ ਮੀਂਹ ਕਾਰਨ ਪਹਿਲਾਂ ਹੀ 4 ਮੈਚ ਭੇਟ ਚੜ੍ਹ ਚੁੱਕੇ ਹਨ। ਹਾਲਾਂਕਿ, ਵਿਸ਼ਵ ਕੱਪ 'ਚ ਫਾਈਨਲ ਅਤੇ ਸੈਮੀਫਾਈਨਲ ਮੁਕਾਬਲਿਆਂ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ।
ਮੰਗਲਵਾਰ ਨੂੰ ਜੇਕਰ ਮੀਂਹ ਕਾਰਨ ਪਹਿਲਾ ਸੈਮੀਫਾਈਨਲ ਰੱਦ ਹੁੰਦਾ ਹੈ ਤਾਂ ਬੁੱਧਵਾਰ ਯਾਨਿ 10 ਜੁਲਾਈ ਨੂੰ ਮੈਚ ਖੇਡਿਆ ਜਾਵੇਗਾ। ਜੇਕਰ ਬੁੱਧਵਾਰ ਨੂੰ ਵੀ ਮੈਚ ਨਹੀਂ ਹੋ ਪਾਉਂਦਾ ਤਾਂ ਭਾਰਤ ਸਿੱਧੇ ਫਾਈਨਲ ਲਈ ਕੁਆਲੀਫਾਈ ਕਰ ਜਾਵੇਗਾ। ਅਜਿਹਾ ਇਸ ਲਈ ਕਿ ਭਾਰਤੀ ਟੀਮ ਨੇ ਨਿਊਜ਼ੀਲੈਂਡ ਤੋਂ ਵੱਧ ਮੈਚ ਜਿੱਤੇ ਹਨ ਤੇ ਪੁਆਂਇਟ ਟੇਬਲ 'ਚ ਭਾਰਤ ਟੌਪ 'ਤੇ ਹੈ।
ਇਹ ਵੀ ਪੜ੍ਹੋ: ਹਿਮਾ ਦਾਸ ਨੂੰ ਕੈਪਟਨ ਨੇ ਟਵੀਟ ਕਰ ਦਿੱਤੀ ਵਧਾਈ