ਨਵੀਂ ਦਿੱਲੀ : ਆਸਟ੍ਰੇਲੀਆ ਨੇ ਆਈਸੀਸੀ ਵਿਸ਼ਵ ਕੱਪ-2019 ਵਿੱਚ ਇੱਕ ਵਾਰ ਫ਼ਿਰ ਖ਼ਰਾਬ ਸਥਿਤੀ ਤੋਂ ਉਭਰਦੇ ਹੋਏ ਮੈਚ ਆਪਣੇ ਨਾਂ ਕੀਤਾ। ਇਸ ਵਾਰ ਆਸਟ੍ਰੇਲੀਆ ਨੇ ਦ ਓਵਲ ਮੈਦਾਨ 'ਤੇ ਖੇਡੇ ਗਏ ਮੈਚ ਵਿੱਚ ਵਧੀਆ ਸ਼ੁਰੂਆਤ ਦੇ ਨਾਲ ਜਿੱਤ ਵੱਲ ਵੱਧ ਰਹੀ ਸ਼੍ਰੀਲੰਕਾ ਨੂੰ 87 ਦੌੜਾਂ ਨਾਲ ਹਰਾ ਦਿੱਤਾ।
ਸ਼੍ਰੀਲੰਕਾ ਨੂੰ ਹਰਾ ਕੇ ਆਸਟ੍ਰੇਲੀਆ ਨੇ ਹਾਸਲ ਕੀਤਾ ਪਹਿਲਾ ਸਥਾਨ ਇਸ ਜਿੱਤ ਨੇ ਆਸਟ੍ਰੇਲੀਆ ਨੂੰ 10 ਟੀਮਾਂ ਨੂੰ ਅੰਕ ਸੂਚੀ ਵਿੱਚ ਪਹਿਲੇ ਸਥਾਨ 'ਤੇ ਪਹੁੰਚਾ ਦਿੱਤਾ ਹੈ। ਆਸਟ੍ਰੇਲੀਆ ਦੇ 5 ਮੈਚਾਂ ਵਿੱਚੋਂ 8 ਅੰਕ ਹੋ ਗਏ ਹਨ।
ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਐਰਾਨ ਫ਼ਿੰਚ (153), ਸਟੀਵ ਸਮਿਥ (72) ਅਤੇ ਗਲੈਨ ਮੈਕਸਵੈੱਲ (ਨਾਬਾਦ 46) ਦੀਆਂ ਪਾਰੀਆਂ ਦੀ ਬਦੌਲਤ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 334 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ।
ਸ਼੍ਰੀਲੰਕਾ ਨੇ ਸ਼ੁਰੂਆਤ ਤਾਂ ਵਧੀਆਂ ਕੀਤੀ ਪਰ ਮੱਧ ਵਾਲੇ ਓਵਰਾਂ ਵਿੱਚ ਆ ਕੇ ਉਸ ਦੇ ਬੱਲੇਬਾਜ਼ ਵੱਡੇ ਸਕੋਰ ਦੇ ਦਬਾਅ ਵਿੱਚ ਘਬਰਾ ਗਏ।
ਸ਼੍ਰੀਲੰਕਾ ਲਈ ਇਸ ਮੈਚ ਵਿੱਚ ਕਪਤਾਨ ਦਿਮੁੱਥ ਕਰੁਣਾਰਤਨੇ ਨੇ 97, ਕੁਸ਼ਲ ਪਰੇਰਾ ਨੇ 52 ਦੌੜਾਂ ਦੀ ਪਾਰੀ ਖੇਡੀ। ਜਿਵੇਂ ਹੀ ਇਹ ਦੋਵੇਂ ਆਉਟ ਹੋਏ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ ਉਦੇੜਣ ਵਿੱਚ ਦੇਰੀ ਨਹੀਂ ਲਾਈ।
335 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਸ਼੍ਰੀਲੰਕਾ ਨੇ ਉਹ ਸ਼ੁਰੂਆਤ ਕੀਤੀ ਜਿਸਦੀ ਉਮੀਦ ਨਹੀਂ ਸੀ। ਕਰੁਨਾਰਤਨੇ ਅਤੇ ਪਰੇਰਾ ਦੀ ਜੋੜੀ ਨੇ ਵਧੀਆ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਵਿਕਟ ਲਈ ਤੇਜ਼ੀ ਨਾਲ 15.3 ਓਵਰਾਂ ਵਿੱਚ 115 ਦੌੜਾਂ ਜੋੜੀਆਂ।
ਮਿਸ਼ੇਲ ਸਟ੍ਰਾਕ ਨੇ ਉਹੀ ਕੀਤਾ ਜੋ ਉਸ ਨੇ ਵੈਸਟ ਇੰਡੀਜ਼ ਅਤੇ ਪਾਕਿਸਤਾਨ ਵਿਰੁੱਧ ਖੇਡੇ ਗਏ ਮੈਚ ਵਿੱਚ ਕੀਤਾ ਸੀ। ਸਟ੍ਰਾਕ ਨੂੰ ਦੁਬਾਰਾ ਗੇਂਦਬਾਜ਼ੀ ਤੇ ਲਾਇਆ ਗਿਆ ਅਤੇ ਜ਼ੋਰਕਰ ਦੇ ਦਮ 'ਤੇ ਪਰੇਰਾ ਨੂੰ ਬੋਲਡ ਕਰ ਪਹਿਲਾ ਝਟਕਾ ਦਿੱਤਾ। ਪਰੇਰਾ ਨੇ 36 ਗੇਂਦਾਂ 'ਤੇ 5 ਚੌਕੇ ਤੇ 1 ਛੱਕੇ ਦੀ ਮਦਦ ਨਾਲ ਅਰਧ ਸੈਂਕੜਾ ਲਾਇਆ।
ਕਪਤਾਨ ਕਰੁਨਾਰਤਨੇ ਦੂਸਰੇ ਕੋਨੇ 'ਤੇ ਸਨ ਤੇ ਲਾਹਿਰੂ ਥਿਰਿਮਾਨੇ ਉਸ ਦਾ ਵਧੀਆ ਸਾਥ ਦੇ ਰਹੇ ਸਨ, ਪਰ ਜੇਸਨ ਬੇਹਰਨਡਾਰਫ਼ ਨੇ ਥਿਰਿਮਾਨੇ ਨੂੰ ਪਵੇਲਿਅਨ ਭੇਜ ਦਿੱਤਾ। 186 ਦੌੜਾਂ ਦੇ ਕੁੱਲ ਸਕੋਰ ਤੇ ਕੇਨ ਰਿਚਰਡਸਨ ਨੇ ਆਸਟ੍ਰੇਲੀਆ ਨੂੰ ਉਸ ਵਿਕਟ ਦੀ ਪ੍ਰਾਪਤੀ ਵੀ ਕਰਵਾ ਦਿੱਤੀ ਜਿਸ ਦੀ ਉਸ ਨੂੰ ਲੋੜ ਸੀ। ਰਿਚਰਡਸਨ ਨੇ ਕਰੁਨਾਰਤਨੇ ਨੂੰ ਸੈਂਕੜੇ ਤੋਂ ਮਹਿਜ਼ 3 ਦੌੜਾਂ ਦੇ ਫ਼ਰਕ ਨਾਲ ਕੈੱਚ ਆਉਟ ਕੀਤਾ। ਕਰੁਨਾਰਤਨੇ ਦੀ 108 ਗੇਂਦਾਂ ਦੀ ਪਾਰੀ 'ਚ 9 ਚੌਕੇ ਸ਼ਾਮਲ ਸਨ।
ਇਥੋਂ ਆਸਟ੍ਰੇਲੀਆ ਨੇ ਮੌਕੇ ਨੂੰ ਸੰਭਾਲਦੇ ਹੋਏ ਲਗਾਤਾਰ ਵਿਕਟਾਂ ਲਈਆਂ। ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 247 ਦੌੜਾਂ 'ਤੇ ਢੇਰ ਕਰ ਕੇ ਮੈਚ ਨੂੰ 87 ਦੌੜਾਂ ਦੇ ਫ਼ਰਕ ਨਾਲ ਆਪਣੇ ਨਾਂ ਕੀਤਾ।