ਨਵੀਂ ਦਿੱਲੀ : ਐਤਵਾਰ ਨੂੰ ਐਜ਼ਬੈਸਟਨ ਵਿੱਚ ਇਸ ਵਿਸ਼ਵ ਕੱਪ ਦਾ ਸਭ ਤੋਂ ਰੋਚਕ ਅਤੇ ਸਖ਼ਤ ਮੁਕਾਬਲਾ ਖੇਡਿਆ ਜਾਵੇਗਾ। ਮੌਜੂਦਾ ਫ਼ਾਰਮ ਨੂੰ ਜੇ ਦੇਖਿਆ ਜਾਵੇ ਤਾਂ ਭਾਰਤ ਦਾ ਪਲੜਾ ਭਾਰੀ ਹੈ ਕਿਉਂਕਿ ਹਾਲੇ ਤੱਕ ਉਹ ਜੇਤੂ ਹੈ। ਉਥੇ ਹੀ ਇੰਗਲੈਂਡ ਨੂੰ ਸ਼੍ਰੀਲੰਕਾ ਅਤੇ ਪਾਕਿਸਤਾਨ ਤੋਂ ਅਣਚਾਹੀ ਹਾਰ ਮਿਲੀ ਹੈ ਜਿਸ ਕਾਰਨ ਉਸ ਦੀ ਸੈਮੀਫ਼ਾਇਨਲ ਵਿੱਚ ਪਹੁੰਚਣ ਦੀ ਸਥਿਤੀ ਡਗਮਗਾ ਰਹੀ ਹੈ।
ਇੰਗਲੈਂਡ ਨੂੰ ਸੈਮੀਫ਼ਾਈਨਲ ਵਿੱਚ ਪਹੁੰਚਣ ਲਈ ਕਿਸੇ ਵੀ ਹਾਲਤ ਵਿੱਚ ਭਾਰਤ ਨੂੰ ਹਰਾਉਣਾ ਹੋਵੇਗਾ। ਤਾਹੀਂਓ ਉਹ ਆਖ਼ਰੀ-4 ਦੀ ਰੇਸ ਵਿੱਚ ਬਣਿਆ ਰਹੇਗਾ। ਅਜਿਹੇ ਵਿੱਚ ਇਓਨ ਮਾਰਗਨ ਦੀ ਟੀਮ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਮੈਚ ਵਿੱਚ ਆਪਣੀ ਪੂਰੀ ਤਾਕਤ ਲਾਏਗੀ। ਇਸ ਤੋਂ ਬਾਅਦ ਉਸ ਨੂੰ ਇੰਗਲੈਂਡ ਵਿਰੁੱਧ ਵੀ ਮੈਚ ਜਿੱਤਣਾ ਹੋਵੇਗਾ ਤਾਹੀਂਓ ਉਹ ਸੈਮੀਫ਼ਾਈਨਲ ਵਿੱਚ ਪਹੁੰਚੇਗੀ।
ਬੇਮਿਸਾਲ ਭਾਰਤ ਨੂੰ ਹਰਾਉਣਾ ਮੁਸ਼ਕਿਲ
ਵਧੀਆ ਫ਼ਾਰਮ ਵਿੱਚ ਚੱਲ ਰਹੀ ਭਾਰਤੀ ਟੀਮ ਨੂੰ ਇਸ ਮੈਚ ਦੀ ਜਿੱਤ ਸੈਮੀਫ਼ਾਈਨਲ ਵਿੱਚ ਪਹੁੰਚਾ ਦੇਵੇਗੀ। ਉਸ ਨੂੰ ਸੈਮੀਫ਼ਾਈਨਲ ਵਿੱਚ ਜਾਣ ਲਈ 3 ਮੈਚਾਂ ਵਿੱਚ 1 ਅੰਕ ਦੀ ਜ਼ਰੂਰਤ ਹੈ। ਇੰਗਲੈਂਡ ਨੂੰ ਬੀਤੇ ਮੈਚਾਂ ਵਿੱਚ ਮਿਲੀ ਹਾਰ ਦਾ ਡਰ ਸਤਾ ਰਿਹਾ ਹੈ ਤਾਂ ਉਥੇ ਹੀ ਭਾਰਤ ਨੂੰ ਬੀਤੇ ਮੈਚਾਂ ਵਿੱਚ ਘਟੀਆਂ ਪ੍ਰਦਰਸ਼ਨ ਕਰਨ ਵਾਲੇ ਬੱਲੇਬਾਜ਼ਾਂ ਦਾ, ਖ਼ਾਸ ਤੌਰ 'ਤੇ 4 ਨੰਬਰ ਦੇ ਬੱਲੇਬਾਜ਼ ਦਾ। ਨੰਬਰ 4 'ਤੇ ਵਿਜੇ ਸ਼ੰਕਰ ਨੂੰ ਮੌਕੇ ਮਿਲੇ ਪਰ ਉਹ ਇੰਨ੍ਹਾਂ ਮੌਕਿਆਂ ਦਾ ਫ਼ਾਇਦਾ ਨਹੀਂ ਲੈ ਸਕੇ।