ਨਵੀਂ ਦਿੱਲੀ : ਵਿਡਿੰਜ਼ ਦੇ ਮਸ਼ਹੂਰ ਕ੍ਰਿਕਟਰ ਬ੍ਰਾਇਨ ਲਾਰਾ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਬਾਅਦ ਦੁਪਹਿਰ 12.30 ਵਜੇ ਮੁੰਬਈ ਦੇ ਗਲੋਬਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਹੁਣ ਉਹ ਠੀਕ ਹਨ ਅਤੇ ਅੱਜ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਸਕਦੀ ਹੈ। ਦੁਨੀਆਂ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਬ੍ਰਾਇਨ ਲਾਰਾ ਵਿਸ਼ਵ ਕੱਪ ਦੀ ਕੁਮੈਂਟਰੀ ਲਈ ਭਾਰਤ ਆਏ ਸਨ।
ਬ੍ਰਾਇਨ ਲਾਰਾ ਨੇ ਵਿਡਿੰਜ਼ ਕ੍ਰਿਕਟ ਟੀਮ ਦੇ ਟਵੀਟਰ ਖਾਤੇ ਰਾਹੀਂ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ਅਤੇ ਜਲਦ ਹੀ ਆਪਣੇ ਹੋਟਲ ਦੇ ਕਮਰੇ ਵਿੱਚ ਹੋਣਗੇ।
ਤੁਹਾਨੂੰ ਦੱਸ ਦਈਏ ਕਿ ਫ੍ਰਸਟ ਕਲਾਸ ਕ੍ਰਿਕਟ ਵਿੱਚ ਨਾਬਾਦ 501 ਦੌੜਾਂ ਬਣਾਉਣ ਦਾ ਰਿਕਾਰਡ ਬ੍ਰਾਇਨ ਲਾਰਾ ਦੇ ਨਾਂ ਹੈ ਅਤੇ ਟੈਸਟ ਵਿੱਚ ਵੀ ਸਭ ਤੋਂ ਜ਼ਿਆਦਾ (400 ਨਾਬਾਦ) ਦੌੜਾਂ ਬਣਾਉਣ ਦਾ ਰਿਕਾਰਡ ਵੀ ਉਨ੍ਹਾਂ ਦੇ ਹੀ ਨਾਂ ਹੈ।
ਸਾਲ 1990 ਤੋਂ 2007 ਤੱਕ ਬ੍ਰਾਇਨ ਲਾਰਾ ਨੇ 131 ਟੈਸਟ ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ 11953 ਦੌੜਾਂ ਬਣਾਈਆਂ ਹਨ। ਜਿਸ ਵਿੱਚ 34 ਸੈਂਕੜੇ ਅਤੇ 48 ਅਰਧ ਸੈਂਕੜੇ ਸ਼ਾਮਲ ਹਨ। ਉਥੇ ਹੀ 299 ਇੱਕ ਦਿਨਾਂ ਮੈਚਾਂ ਵਿੱਚ ਉਨ੍ਹਾਂ ਨੇ 10405 ਦੌੜਾਂ ਬਣਾਈਆਂ ਹਨ। ਜਿਸ ਵਿੱਚ 19 ਸੈਂਕੜੇ ਅਤੇ 63 ਅਰਧ ਸੈਂਕੜੇ ਸ਼ਾਮਲ ਹਨ।
ਬ੍ਰਾਇਨ ਲਾਰਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਚੌਥੇ ਨੰਬਰ 'ਤੇ ਹਨ। ਉਨ੍ਹਾਂ ਨੇ 1992 ਤੋਂ 2007 ਦਰਮਿਆਨ ਵਿਸ਼ਵ ਕੱਪ ਮੈਚਾਂ ਵਿੱਚ 34 ਮੈਚ ਖੇਡੇ ਹਨ ਅਤੇ 1225 ਦੌੜਾਂ ਬਣਾਈਆਂ ਹਨ ਜਿਸ ਵਿੱਚ ਉਨ੍ਹਾਂ ਨੇ 2 ਸੈਂਕੜੇ ਅਤੇ 7 ਅਰਧ ਸੈਂਕੜੇ ਲਾਏ ਹਨ। 2 ਮਈ ਨੂੰ ਬ੍ਰਾਇਨ ਲਾਰਾ ਨੇ ਆਪਣਾ 50ਵਾਂ ਜਨਮ ਦਿਨ ਭਾਰਤ ਵਿੱਚ ਮਨਾਇਆ ਸੀ।