ਮੈਲਬੌਰਨ: ਭਾਰਤ ਅਤੇ ਸ੍ਰੀਲੰਕਾ ਵਿਚਾਲੇ ਜੰਕਸ਼ਨ ਓਵਲ ਵਿਖੇ ਖੇਡੇ ਜਾ ਰਹੇ ਮਹਿਲਾ ਟੀ-20 ਵਿਸ਼ਵ ਕੱਪ ਮੈਚ ਵਿੱਚ ਭਾਰਤੀ ਟੀਮ ਨੇ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਦੀ ਲਗਾਤਾਰ ਚੌਥੀ ਜਿੱਤ ਹੈ। ਭਾਰਤ ਦਾ ਇਹ ਗਰੁੱਪ ਸਟੇਜ ਦਾ ਆਖ਼ਰੀ ਮੁਕਾਬਲਾ ਸੀ ਜਿਸ 'ਚ ਸ਼ਾਨਦਾਰ ਜਿੱਤ ਦਰਜ ਕਰ ਭਾਰਤੀ ਟੀਮ ਚੋਟੀ 'ਤੇ ਹੈ।
ਇਸ ਮੈਚ ਵਿੱਚ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ੍ਰੀਲੰਕਾ ਦੇ ਬੱਲੇਬਾਜ਼ ਆਪਣੀ ਟੀਮ ਲਈ ਵੱਡਾ ਸਕੋਰ ਬਣਾਉਣ ਵਿੱਚ ਅਸਫਲ ਰਹੇ ਅਤੇ ਨਿਰਧਾਰਤ 20 ਓਵਰਾਂ ਵਿੱਚ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 113 ਦੌੜਾਂ ਹੀ ਬਣਾ ਸਕੀ।
ਭਾਰਤੀ ਟੀਮ ਲਈ ਰਾਧਾ ਯਾਦਵ ਨੇ 4, ਰਾਜੇਸ਼ਵਰੀ ਗਾਇਕਵਾੜ ਨੇ 2 ਵਿਕਟਾਂ ਲਈਆਂ। ਉਥੇ ਹੀ ਭਾਰਤੀ ਟੀਮ ਇਸ ਟੀਚੇ ਦਾ ਪਿੱਛਾ ਕਰਨ ਲਈ ਉਤਰੀ, ਸ਼ੁਰੂਆਤੀ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਪਾਰੀ ਦੀ ਸ਼ੁਰੂਆਤ ਤੋਂ ਹੀ ਵੱਡੇ ਸ਼ਾਟ ਖੇਡਣੇ ਸ਼ੁਰੂ ਕੀਤੇ, ਉਸ ਦੇ ਤੇ ਮੰਧਾਨਾ ਵਿਚਕਾਰ 34 ਦੌੜਾਂ ਦੀ ਸਾਂਝੇਦਾਰੀ ਹੋ ਗਈ।
ਪਰ ਮੰਧਾਨਾ ਪੰਜਵੇਂ ਓਵਰ ਵਿੱਚ ਇੱਕ ਵੱਡਾ ਸ਼ਾਟ ਖੇਡਦਿਆਂ ਆਉਟ ਹੋ ਗਈ। ਉਸ ਨੇ 12 ਗੇਂਦਾਂ ਵਿੱਚ 17 ਦੌੜਾਂ ਬਣਾਈਆਂ। ਪਰ ਸ਼ੇਫਾਲੀ ਨੇ ਟੀਮ ਦੀ ਦੌੜ ਨੂੰ ਇੱਕ ਸਿਰੇ ਤੋਂ ਵਧਾਉਣਾ ਜਾਰੀ ਰੱਖਿਆ। 10ਵੇਂ ਓਵਰ ਵਿੱਚ, ਸ਼ੇਫਾਲੀ 47 ਦੌੜਾਂ ਬਣਾ ਕੇ ਰਨ ਆਉਟ ਹੋ ਗਈ। ਪਰ ਉਦੋਂ ਤੱਕ ਉਹ ਟੀਮ ਨੂੰ ਜਿੱਤ ਦੇ ਦਰਵਾਜ਼ੇ 'ਤੇ ਲੈ ਆ ਗਈ ਸੀ।
ਪਰ ਦੀਪਤੀ ਸ਼ਰਮਾ ਨੇ ਟੀਮ ਲਈ ਜੇਤੂ ਰਨ ਬਣਾਏ ਅਤੇ ਟੀਮ ਸੱਤ ਵਿਕਟਾਂ ਨਾਲ ਜੇਤੂ ਰਹੀ। ਹੁਣ ਭਾਰਤ ਨੂੰ 5 ਮਾਰਚ ਨੂੰ ਸੈਮੀਫਾਈਨਲ ਮੈਚ ਖੇਡਣਾ ਹੈ।