ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਗਜ ਕ੍ਰਿਕਟਰ ਸਚਿਨ ਤੇਂਦੂਲਕਰ ਦਾ ਨਾਂਅ ਗਲਤ ਲੈਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਹਨ, ਇਸ ਵਿੱਚ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਨਾਂਅ ਵੀ ਸ਼ਾਮਲ ਹੈ। ਵਾਨ ਨੇ ਟਵੀਟ ਕਰ ਪੁਛਿਆ ਕਿ ਪਾਕਿਸਤਾਨ ਦੌਰੇ ਉੱਤੇ ਜਾ ਕੇ ਟਰੰਪ ਉਥੋਂ ਦੇ ਗੇਂਦਬਾਜ਼ ਫਖਰ ਜਮਾਨ ਦਾ ਨਾਂਅ ਕਿਸ ਤਰ੍ਹਾਂ ਲੈਣਗੇ।
ਵਾਨ ਨੇ ਟਵੀਟ ਉੱਤੇ ਲਿਖਿਆ,"ਡੋਨਾਲਡ ਟਰੰਪ ਦੀ ਪਾਕਿਸਤਾਨ ਯਾਤਰਾ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ। ਦੇਖਣਾ ਹੈ ਕਿ ਉਹ ਫਖਰ ਜਮਾਨ ਦਾ ਨਾਂਅ ਕਿਵੇਂ ਲੈਣਗੇ।"
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਨਮਸਤੇ ਟਰੰਪ ਨਾਮਕ ਸਮਾਗਮ ਵਿੱਚ ਸਚਿਨ ਦਾ ਨਾਂਅ ਗਲਤ ਲੈ ਲਿਆ ਸੀ। ਉਨ੍ਹਾਂ ਨੇ ਸਚਿਨ ਦੀ ਥਾਂ ਸੂਚੀਨ ਕਹਿ ਦਿੱਤਾ।
ਟਰੰਪ ਨੇ ਕਿਹਾ, "ਇਹ ਉਹ ਦੇਸ਼ ਹੈ, ਜਿਥੇ ਲੋਕ ਦੁਨੀਆਭਰ ਦੇ ਮਹਾਨ ਖਿਡਾਰੀ ਜਿਵੇਂ ਸੂਚੀਨ ਤੇਂਦੂਲਕਰ, ਵਿਰਾਟ ਕੋਹਲੀ ਦੀ ਹੌਸਲਾਅਫਜ਼ਾਈ ਕਰਦੇ ਹਨ।"
ਆਈਸੀਸੀ ਨੇ ਟਰੰਪ ਦਾ ਉਹ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਸਚਿਨ ਦਾ ਨਾਂਅ ਗਲਤ ਲੈਂਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਈਸੀਸੀ ਨੇ ਆਪਣੀ ਅਧਿਕਾਰਿਤ ਵੈੱਬਸਾਈਟ ਉੱਤੇ ਵੀਡੀਓ ਦਾ ਕੈਪਸ਼ਨ ਦਿੱਤਾ,"ਸਚ, ਸਚ, ਸੈਚ, ਸੂਚ, ਸੋਚ, ਕੀ ਕੋਈ ਜਾਣਦਾ ਹੈ?"