ਕੋਲੰਬੋ: ਸ਼੍ਰੀਲੰਕਾ ਦੇ ਸਾਬਕਾ ਖੇਡ ਮੰਤਰੀ ਮਹਿੰਦਾਨੰਦਾ ਅਲੂਥਗਾਮਾਗੇ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਆਈਸੀਸੀ ਨੂੰ ਇਹ ਸਾਬਤ ਕਰਨ ਲਈ ਸਬੂਤ ਦਿੱਤੇ ਹਨ ਕਿ ਸਾਲ 2011 ਦਾ ਵਿਸ਼ਵ ਕੱਪ ਫਿਕਸ ਸੀ। ਸਾਬਕਾ ਖੇਡ ਮੰਤਰੀ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਨਹੀਂ ਕਰਨਗੇ ਕਿਉਂਕਿ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਸਾਲ 2011 ਦਾ ਵਿਸ਼ਵ ਕੱਪ ਫਿਕਸ ਸੀ।
ਦੱਸ ਦਈਏ ਕਿ ਜਦੋਂ ਅਲੂਥਗਾਮਾਗੇ ਨੇ ਫਿਕਸਿੰਗ ਦੇ ਦੋਸ਼ ਲਗਾਏ ਸਨ ਤਾਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਉਸ ਸਮੇਂ ਉਹ ਕੋਈ ਸਬੂਤ ਸਾਹਮਣੇ ਨਹੀਂ ਲੈ ਕੇ ਆਏ ਸੀ ਪਰ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬਿਆਨਾਂ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ।
ਅਲੂਥਗਾਮਾਗੇ ਨੇ ਇਹ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦਾ ਦੇਸ਼ ਫਿਕਸਿੰਗ ਦੀ ਡੂੰਘਾਈ ਵਿੱਚ ਨਹੀਂ ਜਾਵੇਗਾ। ਅਲੂਥਗਾਮਾਗੇ ਨੇ ਕਿਹਾ ਸੀ, "ਅੱਜ ਮੈਂ ਕਹਾਂਗਾ ਕਿ ਅਸੀਂ ਸਾਲ 2011 ਦਾ ਵਿਸ਼ਵ ਕੱਪ ਵੇਚ ਦਿੱਤਾ ਸੀ। 2011 ਵਿੱਚ ਅਸੀਂ ਜਿੱਤਣ ਜਾ ਰਹੇ ਸੀ ਪਰ ਅਸੀਂ ਮੈਚ ਵੇਚ ਦਿੱਤਾ ਸੀ। ਮੈਨੂੰ ਲਗਦਾ ਹੈ ਕਿ ਮੈਂ ਇਸ ਬਾਰੇ ਹੁਣ ਗੱਲ ਕਰ ਸਕਦਾ ਹਾਂ। ਮੈਂ ਖਿਡਾਰੀਆਂ ਦੇ ਨਾਂਅ ਸ਼ਾਮਲ ਨਹੀਂ ਕਰ ਰਿਹਾ ਪਰ ਉਨ੍ਹਾਂ ਦਾ ਕੁੱਝ ਹਿੱਸਾ ਇਸ ਵਿੱਚ ਸ਼ਾਮਲ ਸੀ।”