ਨਵੀਂ ਦਿੱਲੀ: ਕੋਵਿਡ-19 ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਹੋਰ ਲੰਮੇ ਸਮੇਂ ਤੱਕ ਤਾਲਾਬੰਦੀ ਦੀ ਸੰਭਾਵਨਾ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਅਣਮਿਥੇ ਸਮੇਂ ਲਈ ਮੁਲਤਵੀ ਹੋ ਸਕਦੀ ਹੈ। ਬੀਸੀਸੀਆਈ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਅਧਿਕਾਰਤ ਫੈਸਲੇ ਦੀ ਉਡੀਕ ਕਰ ਰਿਹਾ ਹੈ ਪਰ ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਬਹੁਤੇ ਮੁੱਖ ਮੰਤਰੀਆਂ ਨੇ ਤਾਲਾਬੰਦੀ ਵਧਾਉਣ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਆਈਪੀਐਲ ਦੈ 13ਵਾਂ ਸੀਜ਼ਨ 29 ਮਾਰਚ ਤੋਂ ਸ਼ੁਰੂ ਹੋਣਾ ਸੀ ਜਿਸ ਨੂੰ ਕੋਰੋਨਾ ਵਾਇਰਸ ਕਰਕੇ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਸਬੰਧੀ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਆਈਪੀਐਲ ਦਾ ਆਯੋਜਨ ਸੰਭਵ ਨਹੀਂ ਹੈ।
ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਗਾਂਗੁਲੀ ਨੇ ਕਿਹਾ, 'ਅਸੀਂ ਨਿਰੰਤਰ ਦੇਖ ਰਹੇ ਹਾਂ। ਇਸ ਸਮੇਂ ਅਸੀਂ ਕੁੱਝ ਨਹੀਂ ਕਹਿ ਸਕਦੇ। ਵੈਸੇ ਵੀ ਇਸ ਸਮੇਂ ਕੀ ਕਿਹਾ ਜਾ ਸਕਦਾ ਹੈ? ਹਵਾਈ ਅੱਡੇ ਬੰਦ ਹਨ, ਲੋਕ ਆਪਣੇ ਘਰਾਂ ਵਿੱਚ ਹਨ, ਦਫ਼ਤਰ ਤਾਲਾਬੰਦ ਹਨ, ਕੋਈ ਵੀ ਕਿਤੇ ਨਹੀਂ ਜਾ ਸਕਦਾ। ਅਜਿਹਾ ਲਗਦਾ ਹੈ ਕਿ ਤਾਲਾਬੰਦ ਮਈ ਦੇ ਮੱਧ ਤੱਕ ਜਾ ਸਕਦਾ ਹੈ।
ਇਹ ਵੀ ਪੜ੍ਹੋ: ਭਾਰਤੀ ਫੁੱਟਬਾਲ ਖਿਡਾਰੀ ਸੀਕੇ ਵਿਨੀਤ ਕੇਰਲ ਦੇ ਕੋਵਿਡ-19 ਹੈਲਪਲਾਈਨ ਸੈਂਟਰ 'ਚ ਹੋਏ ਸ਼ਾਮਲ
ਇਸ ਦੇ ਨਾਲ ਹੀ ਸੌਰਵ ਗਾਂਗੁਲੀ ਨੇ ਇਹ ਸੰਕੇਤ ਵੀ ਦਿੱਤਾ ਕਿ ਇਸ ਟੂਰਨਾਮੈਂਟ ਦੀਆਂ ਨਵੀਆਂ ਤਰੀਕਾਂ ਤੈਅ ਕੀਤੀਆਂ ਜਾਣਗੀਆਂ, ਜਿਸ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਟੀਮ ਦੇ ਸਾਰੇ ਮਾਲਕਾਂ ਨੇ ਪਿਛਲੇ ਮਹੀਨੇ ਇੱਕ ਕਾਨਫ਼ਰੰਸ ਕਾਲ ਵਿੱਚ ਬੀਸੀਸੀਆਈ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਸੀ।