ਨਵੀਂ ਦਿੱਲੀ: ਰਾਸ਼ਟਰੀ ਖੇਡ ਪੁਰਸਕਾਰਾਂ ਦੀ ਚੋਣ ਕਮੇਟੀ ਨੇ ਕ੍ਰਿਕਟਰ ਰੋਹਿਤ ਸ਼ਰਮਾ, ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ, ਪਹਿਲਵਾਨ ਵਿਨੇਸ਼ ਫੋਗਟ ਅਤੇ ਥਂਗਾਵੇਲੂ ਨੂੰ ਰਾਜੀਵ ਗਾਂਧੀ ਐਵਾਰਡ ਲਈ ਚੁਣਿਆ ਹੈ।
ਦੇਸ਼ ਦੇ ਸਰਵਉੱਚ ਖੇਡ ਰਤਨ ਐਵਾਰਡ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ 4 ਖਿਡਾਰੀਆਂ ਨੂੰ ਸਾਂਝੇ ਤੌਰ 'ਤੇ ਖੇਡ ਰਤਨ ਐਵਾਰਡ ਲਈ ਚੁਣਿਆ ਗਿਆ ਹੈ।
ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਚੋਣ ਕਮੇਟੀ ਦੀ ਬੈਠਕ 'ਚ ਇਹ ਐਲਾਨ ਹੋਇਆ ਹੈ। ਜਦੋਂਕਿ ਇਸ ਮੀਟਿੰਗ ਵਿੱਚ ਅਰਜੁਨ ਪੁਰਸਕਾਰ ਜੇਤੂ ਖਿਡਾਰੀਆਂ ਦੇ ਨਾਂਅ ਵੀ ਸਾਹਮਣੇ ਆਉਣੇ ਅਜੇ ਬਾਕੀ ਹਨ।
ਦੱਸ ਦਈਏ ਕਿ ਖੇਡ ਰਤਨ ਐਵਾਰਡ ਹਾਸਲ ਕਰਨ ਵਾਲੇ ਰੋਹਿਤ ਸ਼ਰਮਾ ਚੌਥੇ ਭਾਰਤੀ ਕ੍ਰਿਕਟਰ ਹਨ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ (1997-98), ਐਮਐਸ ਧੋਨੀ (2007), ਵਿਰਾਟ ਕੋਹਲੀ (2018) ਨੂੰ ਇਹ ਪੁਰਸਕਾਰ ਦਿੱਤਾ ਜਾ ਚੁੱਕਾ ਹੈ।
ਇਹ ਪੁਰਸਕਾਰ ਕਿਸੇ ਖਿਡਾਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਿਛਲੇ 4 ਸਾਲਾਂ ਦੇ ਅੰਦਰ ਕੀਤੇ ਗਏ ਪ੍ਰਦਰਸ਼ਨ ਦੇ ਅਧਾਰ 'ਤੇ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਾ ਪੱਤਰ, ਸ਼ਾਲ ਤੋਂ ਇਲਾਵਾ ਖਿਡਾਰੀ ਨੂੰ 7.50 ਲੱਖ ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਜਾਂਦੀ ਹੈ।