ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਵਿਰੁੱਧ ਬੈਂਗਲੁਰੂ ਵਿੱਚ ਖੇਡੇ ਗਏ ਮੈਚ 'ਚ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਰੋਹਿਤ ਸ਼ਰਮਾ ਨੇ ਵਨਡੇ ਕੌਮਾਂਤਰੀ ਕ੍ਰਿਕਟ ਵਿੱਚ 9000 ਦੌੜਾਂ ਪੂਰੀਆਂ ਕੀਤੀਆਂ। ਰੋਹਿਤ ਨੇ 217 ਵਨਡੇਅ ਪਾਰੀਆਂ ਵਿੱਚ ਇਹ ਰਿਕਾਰਡ ਬਣਾਇਆ ਹੈ। ਇਸਦੇ ਨਾਲ ਹੀ ਰੋਹਿਤ ਨੇ ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ ਅਤੇ ਬ੍ਰਾਇਨ ਲਾਰਾ ਵਰਗੇ ਦਿੱਗਜ ਖਿਡਾਰੀ ਵੀ ਪਿੱਛੇ ਛੱਡ ਦਿੱਤੇ।
ਰੋਹਿਤ ਸ਼ਰਮਾ ਨੇ ਇਨ੍ਹਾਂ ਸਾਰੇ ਦਿੱਗਜਾਂ ਨਾਲੋਂ ਘੱਟ ਪਾਰੀਆਂ ਖੇਡ ਕੇ 9000 ਵਨਡੇਅ ਦੌੜਾਂ ਪੂਰੀਆਂ ਕੀਤੀਆਂ ਹਨ। ਸੌਰਵ ਗਾਂਗੁਲੀ ਨੇ 228, ਸਚਿਨ ਤੇਂਦੁਲਕਰ ਨੇ 235 ਅਤੇ ਬ੍ਰਾਇਨ ਲਾਰਾ ਨੇ 239 ਪਾਰੀਆਂ ਵਿੱਚ 9000 ਵਨਡੇਅ ਦੌੜਾਂ ਪੂਰੀਆਂ ਕੀਤੀਆਂ।
ਵਨਡੇਅ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 9000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂਅ ਹੈ। ਕੋਹਲੀ ਨੇ 194 ਪਾਰੀਆਂ ਵਿੱਚ ਇਹ ਕਾਰਨਾਮਾ ਕੀਤਾ ਹੈ।