ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਅੱਜ ਆਪਣਾ 22ਵਾਂ ਜਨਮ ਦਿਨ ਮਨਾ ਰਹੇ ਹਨ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਘੱਟ ਉਮਰ ਵਿੱਚ ਹੀ ਆਪਣੀ ਜਿੰਦਗੀ ਵਿੱਚ ਕਾਫ਼ੀ ਕੁੱਝ ਹਾਸਲ ਕਰ ਲਿਆ ਹੈ। ਰਿਸ਼ਭ ਪੰਤ ਨੇ ਕਾਮਯਾਬੀ ਦੀਆਂ ਪੌੜੀਆਂ ਬਹੁਤ ਤੇਜ਼ ਚੜ੍ਹੀਆਂ ਹਨ। ਸਾਲ 2016 ਵਿੱਚ ਉਨ੍ਹਾਂ ਨੇ ਅੰਡਰ-16 ਵਿਸ਼ਵ ਕੱਪ ਖੇਡਿਆ ਸੀ ਜਿਸ ਤੋਂ 2 ਸਾਲਾਂ ਦੇ ਬਾਅਦ ਟੀਮ ਇੰਡੀਆ ਲਈ ਹਰ ਫ਼ਾਰਮੈਟ ਖੇਡਣ ਲੱਗੇ।
ਅਸਲ ਵਿੱਚ ਰਿਸ਼ਭ ਪੰਤ ਉੱਤਰਾਖੰਡ ਦੇ ਰਹਿਣ ਵਾਲੇ ਹਨ ਪਰ ਉਸ ਮੌਕੇ ਉਨ੍ਹਾਂ ਦਾ ਸੂਬਾ ਕ੍ਰਿਕਟ ਪੱਖੋਂ ਕਾਫ਼ੀ ਪੱਛੜਿਆ ਹੋਇਆ ਸੀ। ਇਸ ਲਈ ਉਨ੍ਹਾਂ ਨੇ ਉੱਤਰਾਖੰਡ ਤੋਂ ਦਿੱਲੀ ਤੱਕ ਦਾ ਸਫ਼ਰ ਤੈਅ ਕੀਤਾ। ਇਹ ਉਨ੍ਹਾਂ ਲਈ ਬੇਹੱਦ ਕਠੋਰ ਸੀ ਕਿਉਂਕਿ ਦਿੱਲੀ ਵਿੱਚ ਉਨ੍ਹਾਂ ਦਾ ਕੋਈ ਵੀ ਠਿਕਾਣਾ ਨਹੀਂ ਇਸ ਲਈ ਉਹ ਅਤੇ ਉਨ੍ਹਾਂ ਦੀ ਮਾਂ ਨੇ ਗੁਰਦੁਆਰੇ ਵਿੱਚ ਆਪਣੇ ਦਿਨ ਕੱਟੇ ਸਨ। ਉਹ ਲੰਗਰ ਖਾ ਕੇ ਮੈਚ ਖੇਡਣ ਜਾਂਦੇ ਸਨ। ਉਨ੍ਹਾਂ ਦਾ ਘਰੇਲੂ ਕ੍ਰਿਕਟ ਕਰਿਅਰ ਕਾਫ਼ੀ ਸ਼ਾਨਦਾਰ ਰਿਹਾ ਹੈ। ਸਾਲ 2015 ਵਿੱਚ ਹੀ ਉਹ ਰਣਜੀ ਖੇਡਣ ਲੱਗ ਪਏ ਸਨ। ਸਾਲ 2016-17 ਦੇ ਸੀਜ਼ਨ ਨੇ ਤਾਂ ਉਨ੍ਹਾਂ ਦੀ ਜਿੰਦਗੀ ਹੀ ਬਦਲ ਦਿੱਤੀ ਸੀ।