ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫ਼ਰਾਜ ਅਹਿਮਦ ਨੂੰ ਕ੍ਰਿਕੇਟ ਬੋਰਡ(ਪੀਸੀਬੀ) ਨੇ ਟੈਸਟ ਅਤੇ ਟੀ-20 ਦੀ ਕਪਤਾਨੀ ਤੋਂ ਹਟਾ ਦਿੱਤਾ ਹੈ। ਪੀਸੀਬੀ ਨੇ ਅਧਿਕਾਰਕ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਕੌਣ ਬਣਿਆ ਨਵਾਂ ਕਪਤਾਨ
ਸਰਫਰਾਜ਼ ਦੀ ਜਗ੍ਹਾ ਅਜ਼ਹਰ ਅਲੀ ਨੂੰ ਟੈਸਟ ਅਤੇ ਬਾਬਰ ਆਜ਼ਮ ਕੌਮਾਂਤਰੀ ਟੀ-20 ਟੀਮ ਦੇ ਕਪਤਾਨ ਹੋਣਗੇ। ਪਾਕਿਸਤਾਨ ਨੇ ਆਸਟ੍ਰੇਲੀਆ ਦੇ ਵਿਰੁੱਧ 2 ਟੈਸਟ ਮੈਚਾਂ ਦੀ ਲੜੀ ਖੇਡਣੀ ਹੈ। ਇਸ ਲੜੀ ਵਿੱਚ ਟੀਮ ਦੀ ਅਗਵਾਈ ਅਜ਼ਹਰ ਅਲੀ ਕਰਨਗੇ। ਉੱਥੇ ਹੀ ਨਵੰਬਰ ਵਿੱਚ ਹੋਣ ਵਾਲੇ ਦੌਰੇ ਦੌਰਾਨ ਟੀ-20 ਮੈਚਾਂ ਦੀ ਅਗਵਾਈ ਬਾਬਰ ਆਜ਼ਮ ਦੇ ਹਿੱਸੇ ਆਈ ਹੈ।
ਪੀਸੀਬੀ ਨੇ ਕਿਹਾ ਕਿ ਆਸਟ੍ਰੇਲੀਆ ਵਿਰੁੱਧ ਖੇਡੀ ਜਾਣ ਸੀਰਿਜ਼ ਲਈ ਟੀਮ ਦਾ ਐਲਾਨ 21 ਅਕਤੂਬਰ ਨੂੰ ਕੀਤਾ ਜਾਵੇਗਾ। ਇਸ ਦੌਰਾਨ ਪੀਸੀਬੀ ਨੇ ਸਰਫਰਾਜ਼ ਦੇ ਹਵਾਲੇ ਤੋਂ ਬਿਆਨ ਵੀ ਜਾਰੀ ਕੀਤਾ ਹੈ ਜਿਸ ਵਿੱਚ ਸਰਫਰਾਜ਼ ਨੇ ਕਿਹਾ ਕਿ ਉਹ ਅਜ਼ਹਰ ਅਤੇ ਬਾਬਰ ਨੂੰ ਨਵੀਂ ਸ਼ੁਰੂਆਤ ਲਈ ਵਧਾਈ ਦਿੰਦੇ ਹਨ।