ਨਵੀਂ ਦਿੱਲੀ: ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਦੇ ਦਿਨ ਯਾਨੀ 15 ਨਵੰਬਰ 1989 ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ ਸੀ। ਉਹ ਆਪਣੀ ਬੱਲੇਬਾਜ਼ੀ ਨਾਲ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਤ ਕਰਨ ਵਿੱਚ ਸਫਲ ਰਹੇ। ਸਚਿਨ ਨੇ 16 ਸਾਲ ਦੀ ਉਮਰ ਵਿੱਚ, ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਪਾਕਿਸਤਾਨ ਦੇ ਖਿਲਾਫ਼ ਇੱਕ ਟੈਸਟ ਮੈਚ ਦੇ ਨਾਲ ਅੰਤਰਰਾਸ਼ਟਰੀ ਕ੍ਰਿਕਟ ਜਗਤ ਵਿੱਚ ਪਹਿਲਾ ਮੈਚ ਖੇਡਿਆ। ਸਲੀਲ ਅੰਕੋਲਾ ਨੇ ਵੀ ਇਸ ਦਿਨ ਸਚਿਨ ਨਾਲ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ।
ਸਚਿਨ ਤੇਂਦੁਲਕਰ ਨੇ ਅੱਜ ਦੇ ਦਿਨ ਕੀਤੀ ਸੀ ਆਪਣੀ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਹਾਲਾਂਕਿ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਸਚਿਨ ਸਿਰਫ਼ 15 ਦੌੜਾਂ ਹੀ ਬਣਾ ਸਕੇ ਅਤੇ ਫ਼ਿਰ ਵਕਾਰ ਯੂਨਿਸ ਦੀ ਗੇਂਦ 'ਤੇ ਆਊਟ ਹੋ ਗਏ ਸਨ, ਜਿਸ ਨੇ ਆਪਣਾ ਪਹਿਲਾ ਮੈਚ ਪਾਕਿਸਤਾਨ ਲਈ ਖੇਡਿਆ। ਮੈਚ ਡਰਾਅ ਰਿਹਾ ਅਤੇ ਇਸ ਲਈ ਸਚਿਨ ਨੂੰ ਦੂਜੀ ਪਾਰੀ ਖੇਡਣ ਦਾ ਮੌਕਾ ਨਹੀਂ ਮਿਲਿਆ।
ਇਹ ਇੱਕ ਅਜੀਬ ਇਤਫ਼ਾਕ ਹੈ ਕਿ 15 ਨਵੰਬਰ 2013 ਨੂੰ ਸਚਿਨ ਆਖਰੀ ਵਾਰ ਬੱਲੇਬਾਜ਼ੀ ਲਈ ਮੈਦਾਨ 'ਤੇ ਉਤਰੇ ਸਨ। ਉਨ੍ਹਾਂ ਨੇ ਆਪਣਾ ਆਖਰੀ ਮੈਚ ਵੈਸਟਇੰਡੀਜ਼ ਦੇ ਖਿਲਾਫ਼ ਆਪਣੇ ਹੋਮ ਗ੍ਰਾਉਂਡ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ। ਸਚਿਨ ਨੇ ਇਸ ਮੈਚ ਵਿੱਚ 74 ਦੌੜਾਂ ਬਣਾਈਆਂ ਸਨ। ਇਸ ਮੈਚ ਵਿੱਚ ਵੀ ਸਚਿਨ ਨੂੰ ਦੂਜੀ ਪਾਰੀ ਖੇਡਣ ਦਾ ਮੌਕਾ ਨਹੀਂ ਮਿਲਿਆ। ਭਾਰਤ ਨੇ ਇਹ ਮੈਚ ਇੱਕ ਪਾਰੀ ਅਤੇ 126 ਦੌੜਾਂ ਨਾਲ ਜਿੱਤ ਲਿਆ।
ਬੀਸੀਸੀਆਈ ਨੇ ਇੱਕ ਟਵੀਟ ਵਿੱਚ ਕਿਹਾ, “ਅੱਜ ਦੇ ਦਿਨ -1989 ਵਿੱਚ ਸਚਿਨ ਤੇਂਦੁਲਕਰ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ। 2013 ਵਿੱਚ ਇਹ ਮਹਾਨ ਖਿਡਾਰੀ ਆਖਰੀ ਵਾਰ ਭਾਰਤ ਲਈ ਮੈਦਾਨ ਵਿੱਚ ਉਤਰੀਆ ਸੀ। ਪੂਰੀ ਦੁਨੀਆ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਤੁਹਾਡਾ ਧੰਨਵਾਦ। "
ਸਚਿਨ ਨੇ ਭਾਰਤ ਲਈ 200 ਟੈਸਟ ਅਤੇ 463 ਵਨਡੇ ਖੇਡੇ ਹਨ। ਉਨ੍ਹਾਂ ਦਾ ਨਾਂਅ ਅੰਤਰਰਾਸ਼ਟਰੀ ਪੱਧਰ 'ਤੇ 100 ਸੈਂਕੜੇ ਹਨ। ਵਨਡੇ ਮੈਚਾਂ ਵਿੱਚ ਉਨ੍ਹਾਂ ਨੇ 49 ਸੈਂਕੜੇ ਲਗਾਕੇ 18,426 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਟੈਸਟਾਂ ਵਿੱਚ 15,921 ਦੌੜਾਂ ਬਣਾਈਆਂ ਹਨ, ਜਿਸ ਵਿੱਚ 51 ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ 2006 ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਟੀ -20 ਮੈਚ ਵੀ ਖੇਡਿਆ ਸੀ ਜਿਸ ਵਿੱਚ ਉਨ੍ਹਾਂ ਨੇ 10 ਦੌੜਾਂ ਬਣਾਈਆਂ ਸਨ।