ਭਾਰਤ-ਪਾਕਿ ਵਿਚਾਲੇ ਕ੍ਰਿਕਟ ਸੀਰੀਜ਼ 'ਤੇ ਬੋਲੇ ਰਾਜੀਵ ਸ਼ੁਕਲਾ
ਨਵੀਂ ਦਿੱਲੀ : ਪੁਲਵਾਮਾ ਹਮਲੇ ਵਿੱਚ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਜਿੱਥੇ ਆਮ ਜਨਤਾ, ਅਦਾਕਾਰਾ, ਨੇਤਾਵਾਂ ਆਦਿ ਵਿੱਚ ਰੋਸ ਵੇਖਣ ਨੂੰ ਮਿਲਿਆ ਹੈ, ਉੱਥੇ ਹੀ ਖੇਡ ਜਗਤ 'ਤੇ ਵੀ ਇਸ ਦਾ ਅਸਰ ਪਿਆ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਸਾਬਕਾ ਚੇਅਰਮੈਨ ਰਾਜੀਵ ਸ਼ੁਕਲਾ ਨੇ ਇਕ ਵਾਰ ਮੁੜ ਸਾਫ਼ ਕੀਤਾ ਹੈ ਕਿ ਅਜਿਹੇ ਹਾਲਾਤ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲੀ ਕ੍ਰਿਕਟ ਸੀਰੀਜ਼ ਦੀ ਕੋਈ ਸੰਭਾਵਨਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਗਲੇ ਵਿਸ਼ਵ ਕੱਪ 2019 ਵਿਚ ਪਾਕਿਸਤਾਨ ਵਿਰੁੱਧ ਨਾ ਖੇਡਣ 'ਤੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ ਅਤੇ ਇਸ 'ਤੇ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ। ਸ਼ੁਕਲਾ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਖੇਡਣ 'ਤੇ ਸਾਡਾ ਪੱਖ ਬਿਲਕੁਲ ਸਾਫ਼ ਹੈ ਕਿ ਜਦ ਤਕ ਸਰਕਾਰ ਸਾਨੂੰ ਮਨਜ਼ੂਰੀ ਨਹੀਂ ਦਿੰਦੀ ਅਸੀਂ ਪਾਕਿਸਤਾਨ ਨਾਲ ਖੇਡਣ ਨਹੀਂ ਜਾ ਰਹੇ। ਖੇਡ ਇਨ੍ਹਾਂ ਸਭ ਚੀਜ਼ਾਂ ਤੋਂ ਉੱਪਰ ਹੋਣੀ ਚਾਹੀਦੀ ਹੈ ਪਰ ਜਦ ਕੋਈ ਅੱਤਵਾਦ ਨੂੰ ਸਮਰਥਨ ਕਰ ਰਿਹਾ ਹੋਵੇ ਤਾਂ ਇਹ ਸੁਭਾਵਕ ਹੈ ਕਿ ਇਸ ਦਾ ਅਸਰ ਖੇਡ 'ਤੇ ਵੀ ਪੈਂਦਾ ਹੈ।
ਸ਼ੁਕਲਾ ਅਗਲੇ ਵਿਸ਼ਵ ਕੱਪ ਵਿੱਚ ਭਾਰਤ ਦੇ ਪਾਕਿਸਤਾਨ ਵਿਰੁੱਧ ਖੇਡਣ ਬਾਰੇ ਕਿਹਾ ਕਿ ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਅਜੇ ਨਹੀਂ ਦੇ ਸਕਦੇ। ਵਿਸ਼ਵ ਕੱਪ ਅਜੇ ਬਹੁਤ ਦੂਰ ਹੈ। ਅਸੀਂ ਦੇਖਾਂਗੇ ਕੀ ਹੁੰਦਾ ਹੈ।