ਨਵੀਂ ਦਿੱਲੀ: ਦਿੱਗਜ ਬੱਲੇਬਾਜ਼ੀ ਅਤੇ ਕਪਤਾਨੀ ਕਾਰਨ ਹਰ ਸਮੇਂ ਚਰਚਾ 'ਚ ਰਹਿੰਦੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਆਲਮੀ ਕ੍ਰਿਕਟ ਤੋਂ ਸੰਨਿਆਸ ਲੈਣ ਦੀਆਂ ਖ਼ਬਰਾਂ ਨੂੰ ਇੱਕ ਪਾਸੇ ਕਰਦੇ ਹੋਏ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ। ਧੋਨੀ ਦੇ ਬਚਪਨ ਦੇ ਸਾਥੀ ਅਤੇ ਸਾਂਝੇ ਵਪਾਰੀ ਅਰੁਣ ਪਾਂਡੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਧੋਨੀ ਦਾ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਅਜੇ ਕੋਈ ਵਿਚਾਰ ਨਹੀਂ ਹੈ।
ਪਾਂਡੇ ਨੇ ਕਿਹਾ ਕਿ ਧੋਨੀ ਜਿਹੇ ਮਹਾਨ ਖਿਡਾਰੀ ਦੇ ਭਵਿੱਖ ਨੂੰ ਲੈ ਕੇ ਚੱਲ ਰਹੀ ਚਰਚਾਵਾਂ ਬਹੁਤ ਹੀ ਦੁੱਖ ਭਰੀਆਂ ਹਨ। ਜ਼ਿਕਰਯੋਗ ਹੈ ਕਿ ਪਾਂਡੇ ਲੰਮੇ ਸਮੇਂ ਤੋਂ ਧੋਨੀ ਨਾਲ ਜੁੜੇ ਹੋਏ ਹਨ ਅਤੇ ਖੇਡ ਪ੍ਰਬੰਧਕ ਕੰਪਨੀ ਰਿਤੀ ਸਪੋਰਟਸ ਦੇ ਸੰਚਾਲਨ ਦੇ ਨਾਲ ਨਾਲ ਉਨ੍ਹਾਂ ਦੇ ਵਪਾਰਕ ਮਾਮਲਿਆਂ ਨੂੰ ਵੀ ਵੇਖਦੇ ਹਨ।