ਮੈਲਬਰਨ: ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਮਸ ਪੈਟਿਨਸਨ ਪੱਸਲਿਆਂ ਦੀ ਸੱਟ ਕਾਰਨ ਸਿਡਨੀ ਵਿੱਚ ਭਾਰਤ ਖਿਲਾਫ਼ ਤੀਜੇ ਟੈਸਟ ਮੈਚ ਵਿਚੋਂ ਬਾਹਰ ਹੋ ਗਏ ਹਨ।
ਤੀਜੇ ਟੈਸਟ ਮੈਚ ਤੋਂ ਪਹਿਲਾਂ ਆਸਟਰੇਲੀਆਈ ਤੇਜ਼ ਗੇਂਦਬਾਜ਼ ਜੇਮਸ ਪੈਟਿਨਸਨ ਛੁੱਟੀਆਂ ਮਨਾਉਣ ਆਪਣੇ ਘਰ ਗਏ ਸਨ। ਇਸ ਦੌਰਾਨ ਉਹ ਘਰ ਵਿੱਚ ਡਿੱਗ ਪਏ ਅਤੇ ਉਨ੍ਹਾਂ ਦੀਆਂ ਪੱਸਲੀਆਂ 'ਤੇ ਸੱਟ ਲੱਗ ਗਈ ਸੀ। ਉਨ੍ਹਾਂ ਦੀ ਰਿਪਲੇਸਮੈਂਟ ਦੇ ਤੌਰ 'ਤੇ ਆਸਟਰੇਲੀਆ ਨੇ ਕਿਸੇ ਖਿਡਾਰੀ ਦੇ ਨਾਂਅ ਦਾ ਐਲਾਨ ਨਹੀਂ ਕੀਤਾ ਹੈ।
ਪੈਟਿਨਸਨ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਹਿੱਸਾ ਸੀ ਪਰ ਉਸ ਨੂੰ ਪਹਿਲੇ ਅਤੇ ਦੂਜੇ ਟੈਸਟ ਵਿੱਚ ਪਲੇਇੰਗ ਇਲੈਵਨ ਵਿੱਚ ਜਗ੍ਹਾ ਨਹੀਂ ਮਿਲੀ ਸੀ। ਪੈਟ ਕਮਿੰਸ, ਜੋਸ਼ ਹੇਜ਼ਲਵੁੱਡ ਤੇ ਮਿਸ਼ੇਲ ਦੀ ਚੰਗੀ ਫਾਰਮ ਕਾਰਨ ਤੀਜੇ ਟੈਸਟ ਵਿੱਚ ਉਨ੍ਹਾਂ ਦੀ ਟੀਮ ਵਿੱਚ ਜਗ੍ਹਾ ਹੋਣ ਦੀ ਸੰਭਾਵਨਾ ਨਹੀਂ ਹੈ।
ਤੇਜ਼ ਗੇਂਦਬਾਜ਼ ਮਾਈਕਲ ਨੇਸਰ ਅਤੇ ਸੀਨ ਐਬੋਟ ਨੂੰ ਵੀ ਆਸਟਰੇਲੀਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਇਸ ਲਈ ਪੈਟਿਨਸਨ ਦੀ ਜਗ੍ਹਾ ਕਿਸੇ ਹੋਰ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।
ਦੱਸ ਦੱਈਏ ਕਿ ਦੋਵੇਂ ਟੀਮਾਂ ਸੋਮਵਾਰ ਨੂੰ ਸਿਡਨੀ ਲਈ ਰਵਾਨਾ ਹੋਣਗੀਆਂ, ਜਿੱਥੇ ਤੀਜਾ ਟੈਸਟ ਵੀਰਵਾਰ ਤੋਂ ਖੇਡਿਆ ਜਾਵੇਗਾ। ਬਾਕਸਿੰਗ-ਡੇਅ ਟੈਸਟ ਮੈਚ ਜਿੱਤ ਕੇ ਟੀਮ ਇੰਡੀਆ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ ਹੈ।