ਦੁਬਈ: ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਆਈਸੀਸੀ ਨੇ ਕੋਵਿਡ-19 ਮਹਾਂਮਾਰੀ ਕਾਰਨ ਆਸਟ੍ਰੇਲੀਆ ਵਿੱਚ ਹੋਣ ਵਾਲੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ 2020 ਨੂੰ ਮੁਲਤਵੀ ਕਰ ਦਿੱਤਾ ਹੈ।
ਟੀ-20 ਵਰਲਡ ਕੱਪ 18 ਅਕਤੂਬਰ ਤੋਂ 15 ਨਵੰਬਰ ਤੱਕ ਕਰਵਾਇਆ ਜਾਣਾ ਸੀ, ਪਰ ਕ੍ਰਿਕਟ ਆਸਟ੍ਰੇਲੀਆ ਨੇ ਮਈ ਦੇ ਮਹੀਨੇ ਵਿੱਚ ਆਈਸੀਸੀ ਨੂੰ ਦੱਸਿਆ ਸੀ ਕਿ ਮੌਜੂਦਾ ਹਾਲਤਾਂ ਵਿੱਚ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਲਗਭਗ ਅਸੰਭਵ ਹੋਵੇਗਾ। 16 ਅੰਤਰਰਾਸ਼ਟਰੀ ਟੀਮਾਂ ਲਈ ਕੁਆਰੰਟੀਨ ਦਾ ਪ੍ਰਬੰਧ ਕਰਨਾ ਬੇਹਦ ਮੁਸ਼ਕਲ ਹੋਵੇਗਾ। ਇਸ ਦੇ ਨਾਲ ਹੀ, ਭਾਰਤ ਵਿੱਚ ਹੋਣ ਵਾਲੇ ਵਨਡੇ ਵਰਲਡ ਕੱਪ 2023 'ਚ ਮਾਰਚ-ਅਪ੍ਰੈਲ ਦੀ ਬਜਾਏ ਨਵੰਬਰ ਵਿੱਚ ਖੇਡਿਆ ਜਾਵੇਗਾ, ਤਾਂ ਜੋ ਯੋਗਤਾ ਪ੍ਰਕਿਰਿਆ ਲਈ ਸਮਾਂ ਮਿਲ ਸਕੇ।
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਅੱਜ ਦੀ ਬੈਠਕ ਵਿੱਚ ਆਈਸੀਸੀ ਬੋਰਡ (ਆਈਸੀਸੀ ਦੀ ਵਪਾਰਕ ਇਕਾਈ) ਨੇ ਕੋਵਿਡ-19 ਤੋਂ ਪ੍ਰਭਾਵਿਤ ਕ੍ਰਿਕਟ ਨੂੰ ਪੂਰਾ ਕਰਨ ਲਈ ਅਗਲੇ 3 ਸਾਲਾਂ ਦੇ ਕੈਲੰਡਰ ਵਿੱਚ ਵਧੇਰੇ ਸਪੱਸ਼ਟਤਾ ਲਿਆਂਦੀ ਹੈ ਤਾਂ ਜੋ ਵਧੀਆ ਮੌਕਾ ਪ੍ਰਾਪਤ ਕਰਨ ਦੀ ਕੋਸ਼ਿਸ਼ ਹੋ ਸਕੇ।"
ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਕਾਰਨ ਮੁਲਤਵੀ ਕੀਤੇ ਗਏ ਆਈਪੀਐਲ 2020 ਸਤੰਬਰ ਵਿੱਚ ਸ਼ੁਰੂ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਯੂਏਈ ਵਿੱਚ 26 ਸਤੰਬਰ ਤੋਂ 6 ਨਵੰਬਰ ਤੱਕ ਖੇਡੀ ਜਾ ਸਕਦਾ ਹੈ। ਫਿਲਹਾਲ ਬੀਸੀਸੀਆਈ ਨੇ ਇਸ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਕੋਰੋਨਾ ਵਾਇਰਸ ਕਾਰਨ ਟੀ -20 ਵਿਸ਼ਵ ਕੱਪ ਮੁਲਤਵੀ ਮੀਡੀਆ ਰਿਪੋਰਟਾਂ ਦੇ ਮੁਤਾਬਕ, ਬੀਸੀਸੀਆਈ ਨੇ ਆਈਪੀਐਲ ਦਾ ਪੂਰਾ ਸ਼ਡਿਊਲ ਤਿਆਰ ਕਰ ਲਿਆ ਹੈ। ਉਹ ਇਸ ਸਾਲ ਅਕਤੂਬਰ-ਨਵੰਬਰ ਵਿੱਚ ਆਸਟ੍ਰੇਲੀਆ 'ਚ ਹੋਣ ਵਾਲੇ ਆਈਸੀਸੀ ਟੀ -20 ਵਰਲਡ ਕੱਪ ਦੇ ਮੁਲਤਵੀ ਹੋਣ ਦੀ ਅਧਿਕਾਰਤ ਘੋਸ਼ਣਾ ਦੀ ਉਡੀਕ ਕਰ ਰਹੀ ਹੈ। ਬੋਰਡ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਜਾਵੇਗਾ।
ਬੀਸੀਸੀਆਈ ਦੀ ਉੱਚ ਪੱਧਰੀ ਬੈਠਕ ਦੌਰਾਨ ਇਹ ਮੰਨਿਆ ਜਾ ਰਿਹਾ ਸੀ ਕਿ ਯੂਏਈ ਇਸ ਸਾਲ ਆਈਪੀਐਲ ਦੀ ਮੇਜ਼ਬਾਨੀ ਲਈ ਸਭ ਤੋਂ ਢੁਕਵਾਂ ਵਿਕਲਪ ਹੋ ਸਕਦਾ ਹੈ। ਇਥੇ ਉਪਲਬਧ ਉਡਾਣ ਦੀਆਂ ਸਹੂਲਤਾਂ ਦੇ ਪਿਛਲੇ ਤਜ਼ਰਬੇ ਅਤੇ ਬਿਹਤਰ ਡਾਕਟਰੀ ਪ੍ਰਬੰਧਾਂ ਨੇ ਧਿਆਨ ਖਿੱਚਿਆ ਹੈ।
ਆਈਪੀਐਲ ਦਾ ਲਗਭਗ ਅੱਧਾ ਹਿੱਸਾ 2014 ਵਿੱਚ ਯੂਏਈ ਵਿੱਚ ਖੇਡਿਆ ਗਿਆ ਸੀ, ਜਦੋਂ ਸਥਾਨਕ ਬੋਰਡ ਨੇ ਮੈਚਾਂ ਲਈ ਵਧੀਆ ਪ੍ਰਬੰਧ ਕੀਤੇ ਸਨ। ਇਕ ਨਿਊਜ਼ ਰਿਪੋਰਟ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਬੀਸੀਸੀਆਈ ਯੂਏਈ 'ਚ ਆਈਪੀਐਲ ਕਰਵਾਉਣ ਲਈ ਮਨਜ਼ੂਰੀ ਲੈਣ ਦੀ ਪ੍ਰਕਿਰਿਆ 'ਤੇ ਕੰਮ ਕਰ ਰਹੀ ਹੈ।