ਹੈਦਰਾਬਾਦ: ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਕੋਚ ਜਾਨ ਬੁਕਾਨਨ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਾਰੇ ਵੱਡਾ ਬਿਆਨ ਦਿੱਤਾ ਹੈ। ਦਰਅਸਲ, ਬੁਕਾਨਨ ਦਾ ਅਜਿਹਾ ਕਹਿਣਾ ਹੈ ਕਿ ਕੋਹਲੀ ਇੱਕ ਬੇਮਿਸਾਲ ਬੱਲੇਬਾਜ਼ ਹਨ ਅਤੇ ਟੀਮ ਇੰਡੀਆ ਉਸ ਨੂੰ ਜ਼ਰੂਰ ਯਾਦ ਕਰੇਗੀ।
ਭਾਰਤੀ ਟੀਮ ਦਾ ਆਸਟ੍ਰੇਲੀਆ ਦੌਰਾ 27 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਟੂਰ ਦੀ ਸ਼ੁਰੂਆਤ ਤਿੰਨ ਵਨਡੇ ਮੈਚਾਂ ਦੀ ਲੜੀ ਨਾਲ ਹੋਵੇਗੀ ਅਤੇ ਉਸ ਤੋਂ ਬਾਅਦ ਇਨ੍ਹੇ ਹੀ ਮੈਚਾਂ ਦੀ ਟੀ-20 ਆਈ ਸੀਰੀਜ਼ ਖੇਡੀ ਜਾਵੇਗੀ। ਸੀਮਤ ਓਵਰਾਂ ਦੀ ਸੀਰੀਜ਼ ਤੋਂ ਬਾਅਦ ਦੋਵਾਂ ਟੀਮਾਂ ਦਰਮਿਆਨ ਸਭ ਤੋਂ ਵੱਧ ਚਰਚਿਤ ਬਾਰਡਰ ਗਾਵਸਕਰ ਟ੍ਰਾਫੀ ਆਯੋਜਿਤ ਕੀਤੀ ਜਾਵੇਗੀ ਪਰ ਟੈਸਟ ਸੀਰੀਜ਼ ਭਾਰਤ ਨੂੰ ਕਪਤਾਨ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਵਿੱਚ ਖੇਡਣੀ ਪਵੇਗੀ।
ਕੋਹਲੀ ਸਿਰਫ ਪਹਿਲੇ ਟੈਸਟ ਵਿੱਚ ਟੀਮ ਨਾਲ ਦਿਖਾਈ ਦੇਣਗੇ। ਇਸ ਤੋਂ ਬਾਅਦ, ਉਹ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਭਾਰਤ ਪਰਤਣਗੇ। ਅਜਿਹੀ ਸਥਿਤੀ ਵਿੱਚ ਕ੍ਰਿਕਟ ਦੇ ਗਲਿਆਰੇ ਵਿੱਚ ਕਾਫ਼ੀ ਚਰਚਾ ਚੱਲ ਰਹੀ ਹੈ ਕਿ ਕਿਵੇਂ ਵਿਰਾਟ ਦੀ ਗ਼ੈਰਹਾਜ਼ਰੀ ਵਿੱਚ ਟੀਮ ਇੰਡੀਆ ਆਸਟ੍ਰੇਲੀਆ ਦਾ ਸਾਹਮਣਾ ਕਰੇਗੀ।
ਇੱਕ ਵੈਬਸਾਈਟ ਨਾਲ ਗੱਲ ਕਰਦਿਆਂ ਬੁਚਾਨਨ ਨੇ ਕਿਹਾ, "ਇਸ ਨਾਲ ਆਸਟ੍ਰੇਲੀਆ ਨੂੰ ਜ਼ਰੂਰ ਫਾਇਦਾ ਹੋਏਗਾ, ਕਿਉਂਕਿ ਕੋਹਲੀ ਪਿਛਲੀ ਟੈਸਟ ਸੀਰੀਜ਼ ਵਿੱਚ ਉਨ੍ਹਾਂ ਦੋਵਾਂ ਟੀਮਾਂ ਦੇ ਇੱਕ ਅਹਿਮ ਖਿਡਾਰੀ ਸੀ।" ਬੇਸ਼ੱਕ ਚੇਤੇਸ਼ਵਰ ਪੁਜਾਰਾ ਸੀਰੀਜ਼ ਦਾ ਸਟਾਰ ਸੀ, ਪਰ ਕੋਹਲੀ ਦੀ ਮੱਧ ਵਿੱਚ ਮੌਜੂਦਗੀ ਭਾਰਤ ਵਿੱਚ ਉਸ ਸੀਰੀਜ਼ ਨੂੰ ਜਿੱਤਣ ਦਾ ਇੱਕ ਵੱਡਾ ਕਾਰਨ ਸੀ। ਮੈਦਾਨ ਵਿੱਚ ਅਤੇ ਡ੍ਰੈਸਿੰਗ ਰੂਮ ਵਿੱਚ ਉਸ ਦੀ ਮੌਜੂਦਗੀ ਨੂੰ ਭਾਰਤੀ ਟੀਮ ਯਾਦ ਕਰੇਗੀ।
ਪਿਛਲੀ ਵਾਰ ਜਦੋਂ ਭਾਰਤ ਨੇ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ, ਉਸ ਵੇਲੇ ਟੀਮ ਨੇ ਸ਼ਾਨਦਾਰ ਖੇਡ ਦਿਖਾਇਆ ਸੀ ਅਤੇ ਟੈਸਟ ਸੀਰੀਜ਼ 2-1 ਨਾਲ ਜਿੱਤੀ ਸੀ। ਇੰਨਾ ਹੀ ਨਹੀਂ, ਕੋਹਲੀ ਆਸਟ੍ਰੇਲੀਆ ਦੇ ਮੈਦਾਨ 'ਤੇ ਟੈਸਟ ਸੀਰੀਜ਼ ਜਿੱਤਣ ਵਾਲੇ ਏਸ਼ੀਆ ਦੇ ਪਹਿਲੇ ਕਪਤਾਨ ਵੀ ਬਣੇ ਹਨ।