ਨਵੀਂ ਦਿੱਲੀ: ਭਾਰਤੀ ਘਰੇਲੂ ਕ੍ਰਿਕਟ ਦੇ ਦਿੱਗਜ ਖਿਡਾਰੀ ਰਾਜਿੰਦਰ ਗੋਇਲ ਦਾ 77 ਸਾਲ ਦੀ ਉਮਰ 'ਚ ਐਤਵਾਰ ਨੂੰ ਦੇਹਾਂਤ ਹੋ ਗਿਆ। ਗੋਇਲ ਕੁਝ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਨੇ ਐਤਵਾਰ ਨੂੰ ਰੋਹਤਕ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ।
ਗੋਇਲ ਨੂੰ ਭਾਰਤ ਦੇ ਘਰੇਲੂ ਦਿੱਗਜਾਂ ਵਿੱਚ ਗਿਣਿਆ ਜਾਂਦਾ ਸੀ। ਉਨ੍ਹਾਂ ਨੇ ਹਰਿਆਣਾ ਲਈ ਆਪਣੇ 24 ਸਾਲਾਂ ਦੇ ਕਰੀਅਰ ਵਿੱਚ ਕੁਲ 750 ਵਿਕਟਾਂ ਲਈਆਂ। ਉਨ੍ਹਾਂ ਨੇ ਪੰਜਾਬ ਅਤੇ ਦਿੱਲੀ ਲਈ ਵੀ ਖੇਡਿਆ ਸੀ।
ਗੋਇਲ ਨੇ ਰਣਜੀ ਟਰਾਫੀ ਵਿੱਚ ਕੁੱਲ 640 ਵਿਕਟਾਂ ਲਈਆਂ ਸਨ। 2017 ਵਿੱਚ ਬੀਸੀਸੀਆਈ ਨੇ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਵਿੱਚ ਯੋਗਦਾਨ ਲਈ ਸੀਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜਿਆ ਸੀ। ਬੀਸੀਸੀਆਈ ਦੇ ਸਾਬਕਾ ਪ੍ਰਧਾਨ ਰਣਬੀਰ ਸਿੰਘ ਮਹਿੰਦਰ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਖੇਡ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਸੀ। ਉਹ ਇੱਕ ਸੱਜਣ ਸੀ ਜੋ ਅੰਤ ਤਕ ਕਾਰਜਸ਼ੀਲ ਰਹੇ। ਉਨ੍ਹਾਂ ਦੀ ਮੌਤ ਤੋਂ ਬਾਅਦ ਕ੍ਰਿਕਟ ਜਗਤ ਨੇ ਆਪਣਾ ਇੱਕ ਗਹਿਣਾ ਗੁਆ ਦਿੱਤਾ ਹੈ।
ਰਣਜੀ ਟਰਾਫੀ 'ਚ ਅੱਜ ਵੀ ਸਭ ਤੋਂ ਵੱਧ 640 ਵਿਕਟਾਂ ਲੈਣ ਦਾ ਰਿਕਾਰਡ ਉਨ੍ਹਾਂ ਜੇ ਨਾਮ 'ਤੇ ਹੈ। ਘਰੇਲੂ ਕ੍ਰਿਕਟ ਵਿੱਚ 750 ਵਿਕਟਾਂ ਲੈਣ ਦੇ ਬਾਵਜੂਦ ਗੋਇਲ ਨੂੰ ਕਦੇ ਵੀ ਟੀਮ ਇੰਡੀਆ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ। ਉਹ ਆਪਣੀ ਕਿਸਮਤ ਨੂੰ ਭਾਰਤੀ ਟੀਮ ਵਿੱਚ ਨਾ ਚੁਣੇ ਜਾਣ ਲਈ ਜ਼ਿੰਮੇਵਾਰ ਠਹਿਰਾਉਂਦੇ ਸੀ।