ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਦੇ ਖ਼ਿਲਾਫ਼ ਸੈਮੀਫ਼ਾਈਨਲ ਮੈਚ ਰੱਦ ਹੋਣ ਨਾਲ ਪਹਿਲੀ ਵਾਰ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਥਾਂ ਬਣਾ ਲਈ ਹੈ। ਸਿਡਨੀ 'ਚ ਖੇਡਿਆ ਜਾਣ ਵਾਲਾ ਸੈਮੀਫ਼ਾਈਨਲ ਮੈਚ ਮੀਂਹ ਕਾਰਨ ਰੱਦ ਹੋ ਗਿਆ, ਜਿਸ ਕਾਰਨ ਗਰੁੱਪ ਸਟੇਜ 'ਚ ਪੁਆਇੰਟ ਟੇਬਲ 'ਤੇ ਪਹਿਲੇ ਨੰਬਰ 'ਤੇ ਰਹਿਣ ਵਾਲੀ ਭਾਰਤੀ ਟੀਮ ਨੇ ਫਾਈਨਲ 'ਚ ਥਾਂ ਬਣਾ ਲਈ।
ਭਾਰਤੀ ਮਹਿਲਾ ਟੀਮ ਦੇ ਇਤਿਹਾਸ ਸਿਰਜਨ ਤੋਂ ਬਾਅਦ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਮਹਿਲਾ ਟੀਮ ਨੂੰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ 'ਤੇ ਉਨ੍ਹਾਂ ਨੂੰ ਮਾਣ ਹੈ ਅਤੇ ਫਾਈਨਲ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੇ ਨਾਲ ਹੀ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਿਰੇਂਦਰ ਸਿਹਵਾਗ ਨੇ ਵੀ ਟਵੀਟ ਕਰ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਉਹ ਸੈਮੀਫ਼ਾਈਨਲ ਮੁਕਾਬਲਾ ਦੇਖਣ ਦੇ ਬਹੁਤ ਇਛੁੱਕ ਸਨ ਪਰ ਇੰਦਰ ਦੇਵਤਾ ਅੱਗੇ ਕੌਣ ਜਿੱਤ ਸਕਦਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਮਿਹਨਤ ਦਾ ਨਤੀਜਾ ਚੰਗਾ ਹੀ ਹੁੰਦਾ ਹੈ।