ਐਂਟੀਗਾ : ਅਜਿੰਕਿਆ ਰਹਾਣੇ (81) ਅਤੇ ਰਵਿੰਦਰ ਜਡੇਜਾ (58) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਸਰ ਵਿਵਿਅਨ ਰਿਚਰਡਸ ਸਟੇਡਿਅਮ ਵਿੱਚ ਵੈਸਟ ਇੰਡੀਜ਼ ਵਿਰੁੱਧ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਦੂਸਰੇ ਦਿਨ ਆਪਣੀ ਪਹਿਲੀ ਪਾਰੀ ਵਿੱਚ 297 ਦੌੜਾਂ ਦਾ ਸਕੋਰ ਬਣਾ ਲਿਆ।
ਜਡੇਜਾ ਨੇ 112 ਗੇਂਦਾਂ ਦੀ ਪਾਰੀ ਵਿੱਚ 6 ਚੌਕੇ ਅਤੇ 1 ਛੱਕਾ ਲਾਇਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਰਿਅਰ ਦਾ 11ਵਾਂ ਅਰਧ-ਸੈਂਕੜਾ ਪੂਰਾ ਕੀਤਾ। ਭਾਰਤੀ ਟੀਮ ਦੇ ਆਲ ਆਉਟ ਹੋਣ ਤੋਂ ਬਾਅਦ ਹੀ ਲੰਚ ਦਾ ਐਲਾਨ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ, ਭਾਰਤ ਨੇ ਆਪਣੇ ਕੱਲ੍ਹ ਦੇ ਸਕੋਰ 6 ਵਿਕਟਾਂ ਉੱਤੇ 203 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਰਿਸ਼ਭ ਪੰਤ ਨੇ 20 ਅਤੇ ਰਵਿੰਦਰ ਜਡੇਜਾ ਨੇ ਆਪਣੀ ਪਾਰੀ ਨੂੰ 3 ਦੌੜਾਂ ਨਾਲ ਅੱਗੇ ਵਧਾਇਆ।
ਟੀਮ ਨੇ ਆਪਣੇ ਕੱਲ੍ਹ ਦੇ ਸਕੋਰ ਵਿੱਚ ਇੱਕ ਦੌੜ ਦਾ ਹੀ ਇਜ਼ਾਫ਼ਾ ਕੀਤਾ ਸੀ ਕਿ ਪੰਤ ਆਉਟ ਹੋ ਗਏ, ਉਨ੍ਹਾਂ ਨੇ 24 ਦੌੜਾਂ ਬਣਾਈਆਂ ਅਤੇ 4 ਚੌਕੇ ਲਾਏ। ਪੰਤ ਦੇ ਆਉਟ ਹੋਣ ਤੋਂ ਬਾਅਦ ਜਡੇਜਾ ਅਤੇ ਇਸ਼ਾਂਤ ਸ਼ਰਮਾ (19) ਦਰਮਿਆਨ 8ਵੇਂ ਵਿਕਟ ਲਈ 60 ਦੌੜਾਂ ਦੀ ਸਾਂਝਦਾਰੀ ਹੋਈ।