ਮੁੰਬਈ: ਭਾਰਤ-ਸ੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਟੀ -20 ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਹਨ। ਭਾਰਤ ਨੇ ਸ੍ਰੀਲੰਕਾ ਨੂੰ ਜਿੱਤਣ ਲਈ 202 ਦੌੜਾਂ ਦਾ ਟੀਚਾ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਮੈਚ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐੱਮਸੀਏ) ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।
ਸ੍ਰੀਲੰਕਾ ਦੇ ਕਪਤਾਨ ਲਸਿਥ ਮਲਿੰਗਾ ਨੇ ਭਾਰਤ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਕੇਐਲ ਰਾਹੁਲ ਅਤੇ ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ 97 ਦੌੜਾਂ ਜੋੜੀਆਂ।
ਸ਼ਿਖਰ ਧਵਨ ਨੇ 36 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ 7 ਚੌਕੇ ਅਤੇ 1 ਛੱਕਾ ਲਗਾਇਆ। ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਨੇ 36 ਗੇਂਦਾਂ ਵਿੱਚ 5 ਚੌਕਿਆਂ ਅਤੇ 1 ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ।
ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਉਂਦੇ ਹੋਏ ਸੰਜੂ ਸੈਮਸਨ ਨੇ ਪਹਿਲੀ ਹੀ ਗੇਂਦ 'ਤੇ ਛੱਕਾ ਲਗਾਇਆ। ਹਾਲਾਂਕਿ, ਉਹ ਦੂਜੀ ਗੇਂਦ 'ਤੇ ਆਉਟ ਹੋਣ ਤੋਂ ਬਾਅਦ ਪੈਵੇਲੀਅਨ ਪਰਤ ਗਿਆ। ਸ਼੍ਰੇਅਸ ਅਈਅਰ 2 ਗੇਂਦਾਂ 'ਤੇ 4 ਦੌੜਾਂ ਬਣਾ ਕੇ ਆਉਟ ਹੋਏ।
ਕਪਤਾਨ ਵਿਰਾਟ ਕੋਹਲੀ 17 ਗੇਂਦਾਂ 'ਤੇ 26 ਦੌੜਾਂ ਬਣਾ ਕੇ ਰਨ ਆਉਟ ਹੋ ਗਏ। ਸ਼ਾਰਦੂਲ ਠਾਕੁਰ ਨੇ 8 ਗੇਂਦਾਂ ਵਿੱਚ 22 ਦੌੜਾਂ ਬਣਾਈਆਂ। ਮਨੀਸ਼ ਪਾਂਡੇ ਨੇ 18 ਗੇਂਦਾਂ ਵਿੱਚ 31 ਦੌੜਾਂ ਬਣਾਏ। ਸ੍ਰੀਲੰਕਾ ਵੱਲੋਂ ਲੱਛਣ ਸੰਦਾਕਾਨਾ ਨੇ 3 ਵਿਕਟਾਂ ਲਈਆਂ।