ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਕ੍ਰਿਕਟ ਕਮੇਟੀ 10 ਜੂਨ ਨੂੰ ਮੀਟਿੰਗ ਕਰੇਗੀ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਵਿੱਚ ਟੀ-20 ਵਿਸ਼ਵ ਕੱਪ ਬਾਰੇ ਆਖ਼ਰੀ ਫੈਸਲਾ ਲਿਆ ਜਾਵੇਗਾ।
ਦੱਸ ਦਈਏ ਕਿ ਟੀ-20 ਵਿਸ਼ਵ ਕੱਪ ਇਸ ਸਾਲ ਆਸਟ੍ਰੇਲੀਆ ਵਿੱਚ 18 ਅਕਤੂਬਰ ਤੋਂ 15 ਨਵੰਬਰ ਤੱਕ ਖੇਡਿਆ ਜਾਣਾ ਹੈ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਇਸ ਟੂਰਨਾਮੈਂਟ ਦਾ ਆਯੋਜਨ ਮੁਸ਼ਕਿਲ ਲੱਗ ਰਿਹਾ ਹੈ।
ਆਈਸੀਸੀ ਦੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਮੀਟਿੰਗ ਦੇ ਏਜੰਡੇ ਵਿੱਚ ਖ਼ਾਸ ਤੌਰ 'ਤੇ 5 ਚੀਜ਼ਾਂ ਨੂੰ ਮੁੱਖ ਰੱਖਿਆ ਜਾਵੇਗਾ। ਇਨ੍ਹਾਂ 5 ਚੀਜ਼ਾਂ ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ, ਆਈਸੀਸੀ ਦੇ ਚੇਅਰਮੈਨ ਦੀ ਚੋਣ ਪ੍ਰਕਿਰਿਆ, ਭਵਿੱਖ ਵਿੱਚ ਹੋਣ ਵਾਲੇ ਟੂਰਜ਼ ਦੇ ਪ੍ਰੋਗਰਾਮ ਨੂੰ ਤੈਅ ਕਰਨਾ, ਬੀਸੀਸੀਆਈ ਨਾਲ ਟੈਕਸ ਦਾ ਮੁੱਦਾ ਅਤੇ ਆਈਸੀਸੀ ਦੇ ਸੀਈਓ ਵੱਲੋਂ ਪੇਸ਼ ਕੀਤੀ ਜਾਣ ਵਾਲੀ ਕੌਨਫੀਡੈਂਸ਼ੀਅਲ ਰਿਪੋਰਟ ਦਾ ਮਾਮਲਾ ਵਰਗੇ ਮਾਮਲੇ ਸ਼ਾਮਿਲ ਹਨ।
ਇਹ ਵੀ ਪੜ੍ਹੋ: 'ਜੇਕਰ ਟੀ 20 ਵਿਸ਼ਵ ਕੱਪ ਨਹੀਂ ਹੁੰਦਾ ਤਾਂ BCCI ਨੂੰ IPL ਕਰਨ ਦਾ ਪੂਰਾ ਹੱਕ ਹੈ'
28 ਮਈ ਨੂੰ ਹੋਈ ਬੈਠਕ ਵਿੱਚ ਆਈਸੀਸੀ ਨੇ 10 ਜੂਨ ਤੱਕ ਸਾਰੀਆਂ ਏਜੰਡਾ ਚੀਜ਼ਾਂ 'ਤੇ ਫੈਸਲਾ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਦੱਸ ਦਈਏ ਕਿ ਆਈਸੀਸੀ ਦੇ ਮੌਜੂਦਾ ਚੇਅਰਪਰਸਨ ਸ਼ਸ਼ਾਂਕ ਮਨੋਹਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕਾਰਜਕਾਲ ਦੀ ਮਿਆਦ ਵਧਾਉਣ ਦੀ ਮੰਗ ਨਹੀਂ ਕਰ ਰਹੇ ਹਨ ਅਤੇ ਸੌਰਵ ਗਾਂਗੁਲੀ ਨੂੰ ਆਈਸੀਸੀ ਦਾ ਮੁਖੀ ਬਣਾਉਣ ਦੀ ਲਗਾਤਾਰ ਮੰਗ ਵਧ ਰਹੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਮੀਟਿੰਗ ਵਿੱਚ ਚੋਣ ਪ੍ਰਕਿਰਿਆ ਬਾਰੇ ਕੀ ਫੈਸਲੇ ਲਏ ਜਾਂਦੇ ਹਨ।