ਦੁਬਈ: ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਅਗਲੇ ਸਾਲ ਭਾਵ ਕਿ 2020 ਵਿੱਚ ਹੋਣ ਜਾ ਰਿਹਾ ਹੈ। ਆਈਸੀਸੀ ਅੰਤਿਮ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਹੈ।ਤੁਹਾਨੂੰ ਦੱਸ ਦਈਏ ਕਿ ਥਾਈਲੈਂਡ ਤੇ ਬੰਗਲਾਦੇਸ਼ ਨੇ ਐਤਵਾਰ ਨੂੰ ਟੂਰਨਾਮੈਂਟ ਲਈ ਕੁਆਲੀਫ਼ਾਈ ਕਰ ਲਿਆ ਹੈ।
ਟੂਰਨਾਮੈਂਟ ਲਈ ਟੀਮਾਂ ਨੂੰ ਏ ਤੇ ਬੀ ਦੋ ਗਰੁੱਪਾਂ 'ਚ ਵੰਡਿਆ ਗਿਆ
ਬੰਗਲਾਦੇਸ਼ ਦੀ ਮਹਿਲਾ ਟੀਮ ਨੇ ਸਕਾਟਲੈਂਡ ਵਿੱਚ ਹੋਏ ਕੁਆਲੀਫ਼ਾਈ ਮੈਚ ਵਿੱਚ ਜਿੱਤ ਹਾਸਲ ਕਰ ਕੇ ਗਰੁੱਪ ਏ ਵਿੱਚ ਥਾਂ ਪੱਕੀ ਕਰ ਲਈ ਹੈ। ਇਸ ਗਰੁੱਪ ਵਿੱਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ, ਭਾਰਤ, ਨਿਊਜ਼ੀਲੈਂਡ ਤੇ ਸ੍ਰੀਲੰਕਾ ਦੀਆਂ ਟੀਮਾਂ ਦੇ ਨਾਂਅ ਉਲੀਕੇ ਗਏ ਹਨ।
ਉੱਥੇ ਹੀ ਦੂਜੇ ਪਾਸੇ 12 ਸਾਲ ਪਹਿਲਾਂ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਣ ਵਾਲੀ ਥਾਈਲੈਂਡ ਦੀ ਟੀਮ ਨੇ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰ ਕੇ ਇਤਿਹਾਸ ਰਚਿਆ ਹੈ। ਇਸ ਟੀਮ ਨੂੰ ਗਰੁੱਪ-ਬੀ ਵਿੱਚ ਇੰਗਲੈਂਡ, ਦੱਖਣੀ ਅਫ਼ਰੀਕਾ, ਵੈਸਟ ਇੰਡੀਜ਼ ਤੇ ਪਾਕਿਸਤਾਨ ਦੇ ਨਾਲ ਰੱਖਿਆ ਗਿਆ ਹੈ।
ਇਸ ਟੂਰਨਾਮੈਂਟ ਵਿੱਚ ਥਾਈਲੈਂਡ ਆਪਣਾ ਪਹਿਲਾ ਮੈਚ 22 ਫ਼ਰਵਰੀ ਨੂੰ ਵੈਸਟ ਇੰਡੀਜ਼ ਵਿਰੁੱਧ ਖੇਡੇਗੀ। ਉਥੇ ਹੀ ਬੰਗਲਾਦੇਸ਼ ਟੀਮ ਦਾ ਸਾਹਮਣਾ ਮੌਜੂਦਾ ਚੈਂਪੀਅਨ ਟੀਮ ਆਸਟ੍ਰੇਲੀਆ ਨਾਲ ਹੋਵੇਗਾ। ਜਾਣਕਾਰੀ ਮੁਤਾਬਕ ਇਹ ਮੁਕਾਬਲਾ 27 ਫ਼ਰਵਰੀ 2020 ਨੂੰ ਖੇਡਿਆ ਜਾਵੇਗਾ।
ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤ ਦਾ ਸਾਹਮਣਾ 21 ਫ਼ਰਵਰੀ ਨੂੰ ਆਸਟ੍ਰੇਲੀਆ ਨਾਲ ਹੋਵੇਗਾ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਆਸਟ੍ਰੇਲੀਆ ਦੇ ਮੈਲਬੋਰਨ ਵਿਖੇ 8 ਮਾਰਚ ਨੂੰ ਖੇਡਿਆ ਜਾਵੇਗਾ।