ਪੁਣੇ: ਭਾਰਤ ਨੇ ਆਸਟ੍ਰੇਲੀਆ ਵਿਰੁੱਧ ਟੀ-20 ਅਤੇ ਟੈਸਟ ਲੜੀ ਜਿੱਤਣ ਤੋਂ ਬਾਅਦ ਇੰਗਲੈਂਡ ਵਿਰੁੱਧ ਕ੍ਰਿਕਟ ਮੈਚਾਂ ਦੀਆਂ ਤਿੰਨੇ ਸ਼੍ਰੇਣੀਆਂ ਵਿੱਚ ਲੜੀਆਂ ਜਿੱਤੀਆਂ।
ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਐਤਵਾਰ ਨੂੰ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਵਿੱਚ ਭਾਰਤ ਦੀ 7 ਦੌੜਾਂ ਨਾਲ ਜਿੱਤ ਤੋਂ ਬਾਅਦ ਟਵੀਟ ਕੀਤਾ, ''ਇਸ ਮੁਸ਼ਕਿਲ ਸਮੇਂ ਵਿੱਚ ਦੁਨੀਆ ਦੀਆਂ ਦੋ ਸਭ ਤੋਂ ਵਧੀਆ ਟੀਮਾਂ ਵਿਰੁੱਧ ਸਾਰੀਆਂ ਸ੍ਰੇਣੀਆਂ ਵਿੱਚ ਯਾਦਗਾਰ ਪ੍ਰਦਰਸ਼ਨ ਲਈ ਖਿਡਾਰੀਆਂ ਨੂੰ ਵਧਾਈ।''
ਭਾਰਤ ਦੇ ਜ਼ਿਆਦਾਤਰ ਖਿਡਾਰੀ ਇਸ ਸਾਲ ਸਤੰਬਰ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਜੈਵ ਸੁਰੱਖਿਅਤ ਵਾਤਾਵਰਣ ਵਿੱਚ ਰਹੇ ਹਨ। ਅਸਟ੍ਰੇਲੀਆ ਦੌਰੇ ਤੋਂ ਬਾਅਦ ਉਨ੍ਹਾਂ ਨੂੰ ਇੱਕ ਹਫ਼ਤੇ ਦੀ ਛੁੱਟੀ ਦਿੱਤੀ ਗਈ ਸੀ। ਉਸ ਪਿੱਛੋਂ ਉਨ੍ਹਾਂ ਨੇ ਇੰਗਲੈਂਡ ਵਿਰੁੱਧ ਘਰੇਲੂ ਲੜੀ ਵਿੱਚ ਹਿੱਸਾ ਲਿਆ।
ਭਾਰਤ ਨੇ ਸੈਮ ਕਰਨ ਦੀ ਕ੍ਰਿਸ਼ਮਾਈ ਪਾਰੀ ਦੇ ਬਾਵਜੂਦ ਇੰਗਲੈਂਡ ਦੀ ਇੱਕ ਹੋਰ ਵੱਡਾ ਟੀਚਾ ਹਾਸਲ ਕਰਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਕੇ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ 7 ਦੌੜਾਂ ਨਾਲ ਜਿੱਤ ਦਰਜ ਕਰਕੇ ਲੜੀ 2-1 ਨਾਲ ਆਪਣੇ ਨਾਂਅ ਕੀਤੀ।
ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਲਈ ਸੱਦੇ ਤੋਂ ਬਾਅਦ 48.2 ਓਵਰਾਂ ਵਿੱਚ 329 ਦੌੜਾਂ ਬਣਾ ਕੇ ਆਊਟ ਹੋ ਗਈ, ਪਰ ਇੰਗਲੈਂਡ ਦੂਜੇ ਇੱਕ ਰੋਜ਼ਾ ਮੈਚ ਦੀ ਤਰ੍ਹਾਂ ਵੱਡਾ ਟੀਚਾ ਹਾਸਲ ਨਹੀਂ ਕਰ ਸਕੀ ਅਤੇ ਉਸ ਦੀ ਟੀਮ 9 ਵਿਕਟਾਂ 'ਤੇ 322 ਦੌੜਾਂ ਹੀ ਬਣਾ ਸਕੀ।