ਗੁਜਰਾਂਵਾਲਾ : ਭਾਰਤੀ ਮੂਲ ਦੀ ਲੜਕੀ ਨਾਲ ਵਿਆਹ ਨੂੰ ਲੈ ਕੇ ਚੱਲ ਰਹੀਆਂ ਅੱਟਕਲਾਂ ਨੂੰ ਖ਼ਤਮ ਕਰਦੇ ਹੋਏ ਪਾਕਿਸਤਾਨੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਆਪਣੇ ਵਿਆਹ ਦੀ ਗੱਲ ਨੂੰ ਪੱਕਾ ਕੀਤਾ ਹੈ।
ਹਸਨ ਅਲੀ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ 20 ਅਗਸਤ ਨੂੰ ਸਾਮਿਆ ਨਾਂਅ ਦੀ ਇੱਕ ਭਾਰਤੀ ਲੜਕੀ ਨਾਲ ਉਹ ਵਿਆਹ ਕਰਵਾ ਰਹੇ ਹਨ। ਇਹ ਵਿਆਹ ਦੁਬਈ ਦੇ ਇੱਕ ਹੋਟਲ ਵਿੱਚ ਹੋਵੇਗਾ, ਜਿਸ ਵਿੱਚ ਪਰਿਵਾਰ ਦੇ ਕੁੱਝ ਲੋਕ ਅਤੇ ਕੁੱਝ ਨਜ਼ਦੀਕੀ ਦੋਸਤ ਸ਼ਾਮਲ ਹੋਣਗੇ।
ਹਸਨ ਨੇ ਕਿਹਾ, "ਸਾਡਾ ਪਰਿਵਾਰ ਸਾਦਾ ਵਿਆਹ ਕਰਨਾ ਚਾਹੁੰਦਾ ਸੀ ਪਰ ਹੁਣ ਮੀਡਿਆ ਵਿੱਚ ਇਸ ਦੀ ਖ਼ਬਰ ਆ ਗਈ ਹੈ ਤਾਂ ਮੈਂ ਇਸ ਨੂੰ ਅਧਿਕਾਰਤ ਕਰਨ ਦਾ ਫ਼ੈਸਲਾ ਕੀਤਾ ਤਾਂਕਿ ਮੇਰੇ ਵਿਆਹ ਨੂੰ ਲੈ ਕੇ ਕੋਈ ਅੱਟਕਲ ਨਾ ਹੋਵੇ।"
ਦੁਬਈ ਵਿੱਚ ਰਹਿ ਰਹੀ ਸ਼ਾਮਿਆ ਐਮੀਰੇਟਸ ਏਅਰਲਾਇਨਜ਼ ਵਿੱਚ ਫ਼ਲਾਇਟ ਇੰਜੀਨਿਅਰ ਹੈ ਜਦਕਿ ਉਸ ਦਾ ਪਰਿਵਾਰ ਨਵੀਂ ਦਿੱਲੀ ਵਿੱਚ ਰਹਿੰਦਾ ਹੈ। ਸ਼ਾਮਿਆ ਨੇ ਮਾਨਵ ਰਚਨਾ ਯੂਨੀਵਰਸਿਟੀ ਤੋਂ ਏਅਰੋਨਾਟਿਕਸ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਉਹ ਇੰਗਲੈਂਡ ਵਿੱਚ ਵੀ ਪੜ੍ਹੀ ਹੈ।