ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਵੀਰਵਾਰ ਨੂੰ ਸੈਂਟਰਲ ਕੰਟਰੈਕਟ ਸੂਚੀ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਵਿਵਾਦ ਚੱਲ ਰਿਹਾ ਹੈ। ਫੈੱਨਸ ਬੀਸੀਸੀਆਈ ਉੱਤੇ ਕਾਫ਼ੀ ਖਫ਼ਾ ਹਨ ਕਿਉਂਕਿ ਇਸ ਲਿਸਟ ਵਿੱਚ ਧੋਨੀ ਦਾ ਨਾਂਅ ਸ਼ਾਮਲ ਨਹੀਂ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ #ShameonYouBCCI ਕਾਫ਼ੀ ਚੱਲ ਰਿਹਾ ਹੈ।
ਇਸ 'ਤੇ ਬੋਰਡ ਲਗਾਤਾਰ ਸਫਾਈ ਵੀ ਦੇ ਰਹੀ ਹੈ ਕਿ ਇਸ ਕੰਟਰੈਕਟ ਦਾ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਇਨ੍ਹਾਂ ਸਭ ਵਿਚਕਾਰ ਸਾਰਿਆਂ ਦੀਆਂ ਨਜ਼ਰਾਂ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਦੀਆਂ ਯੋਜਨਾਵਾਂ 'ਤੇ ਟਿਕੀਆਂ ਹੋਈਆਂ ਹਨ।
ਇਸ ਵਿਚਕਾਰ ਭਾਰਤੀ ਕ੍ਰਿਕੇਟ ਟੀਮ ਦੇ ਦਿੱਗਜ਼ ਆਫ ਸਪਿਨਰ ਹਰਭਜਨ ਸਿੰਘ ਨੇ ਐਮਐਸ ਧੋਨੀ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, "ਮੈਂ ਸੁਣਿਆ ਹੈ ਕਿ ਸਾਲ 2019 ਦਾ ਵਿਸ਼ਵ ਕੱਪ ਧੋਨੀ ਵੱਲੋਂ ਦੇਸ਼ ਲਈ ਖੇਡਿਆ ਗਿਆ, ਆਖਰੀ ਟੂਰਨਾਮੈਂਟ ਸੀ।" ਹਰਭਜਨ ਸਿੰਘ ਦੇ ਬਿਆਨ ਤੋਂ ਬਾਅਦ ਇਹ ਵਿਵਾਦ ਹੋਰ ਵੀ ਭੱਖ ਗਿਆ ਹੈ।
ਹਰਭਜਨ ਸਿੰਘ ਨੇ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਬਿਆਨ ਦਿੰਦਿਆਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਐਮਐਸ ਧੋਨੀ ਦੁਬਾਰਾ ਭਾਰਤੀ ਟੀਮ 'ਚ ਖੇਡਣਗੇ। ਉਨ੍ਹਾਂ ਨੇ 2019 ਵਿਸ਼ਵ ਕੱਪ ਤੱਕ ਖੇਡਣ ਦਾ ਫੈਸਲਾ ਕੀਤਾ ਸੀ। ਉਹ ਸਪੱਸ਼ਟ ਤੌਰ 'ਤੇ ਆਈਪੀਐਲ ਲਈ ਤਿਆਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਐਸਸੀਆਈ ਨੇ ਪਿਛਲੇ ਸਾਲ ਏ ਸ਼੍ਰੇਣੀ ਵਿੱਚ ਸ਼ਾਮਿਲ ਕੀਤੇ ਐਮਐਸ ਧੋਨੀ ਨੂੰ ਇਸ ਸਾਲ ਸੂਚੀ 'ਚ ਥਾਂ ਨਹੀਂ ਦਿੱਤੀ ਗਈ ਹੈ। ਹਾਲਾਂਕਿ ਇਸ ਸੂਚੀ 'ਤੇ ਹੰਗਾਮਾ ਹੋਣ ਤੋਂ ਬਾਅਦ ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਕਿ ਕਿਸੇ ਵੀ ਖਿਡਾਰੀ ਦੇ ਭਵਿੱਖ ਦਾ ਇਸ ਸੂਚੀ ਨਾਲ ਫੈਸਲਾ ਨਹੀਂ ਕੀਤਾ ਜਾਂਦਾ। ਧੋਨੀ ਹਾਲੇ ਵੀ ਆਪਣੇ ਪ੍ਰਦਰਸ਼ਨ ਦੇ ਅਧਾਰ 'ਤੇ ਟੀਮ ਦਾ ਹਿੱਸਾ ਬਣ ਸਕਦੇ ਹਨ।