ਹੈਦਰਾਬਾਦ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਓਪਨਰ ਅਤੇ ਧਮਾਕੇਦਾਰ ਬੱਲੇਬਾਜ਼ੀ ਕਰਨ ਵਾਲੇ ਵਰਿੰਦਰ ਸਹਿਵਾਗ ਅੱਜ ਆਪਣਾ 41 ਜਨਮ ਦਿਨ ਮਨਾ ਰਹੇ ਹਨ। ਆਪਣੇ ਹਾਸ-ਰਸ ਲਹਿਜ਼ੇ ਅਤੇ ਤਗੜੇ ਰਿਕਾਰਡਾਂ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਵੀਰੂ ਮੁਲਤਾਨ ਦੇ ਸੁਲਤਾਨ ਅਤੇ ਨਜਫਗੜ੍ਹ ਦੇ ਨਵਾਬ ਦੇ ਨਾਂਅ ਨਾਲ ਵੀ ਮਸ਼ਹੂਰ ਹਨ।
ਤੁਹਾਨੂੰ ਇਹ ਜਾਣ ਕੇ ਕਾਫ਼ੀ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ 1999 ਵਿੱਚ ਭਾਰਤ ਦੇ ਲਈ ਪਹਿਲੀ ਵਾਰ ਬਤੌਰ ਆਲਰਾਉਂਡਰ ਮੈਚ ਖੇਡਿਆ ਸੀ, ਉਹ ਉਨ੍ਹਾਂ ਦਾ ਕਰਿਅਰ ਦਾ ਪਹਿਲਾ ਮੈਚ ਸੀ।
ਸਾਲ 1999 ਵਿੱਚ ਸਹਿਵਾਗ ਨੇ ਪਾਕਿਸਤਾਨ ਵਿਰੁੱਧ ਭਾਰਤ ਲਈ ਪਹਿਲਾ ਇੱਕ ਦਿਨਾਂ ਮੈਚ ਖੇਡਿਆ ਜਿਸ ਵਿੱਚ ਉਨ੍ਹਾਂ ਨੇ ਕੇਵਲ 1 ਹੀ ਦੌੜ ਬਣਾਈ ਸੀ ਅਤੇ 3 ਓਵਰਾਂ ਵਿੱਚ ਗੇਂਦਬਾਜ਼ੀ ਕਰ ਕੇ 35 ਦੌੜਾਂ ਦਿੱਤੀਆਂ ਸਨ। ਅਜਿਹੇ ਪ੍ਰਦਰਸ਼ਨ ਤੋਂ ਬਾਅਦ ਉਹ ਇੱਕ ਸਾਲ ਲਈ ਟੀਮ ਤੋਂ ਬਾਹਰ ਹੋ ਗਏ, ਪਰ ਉਨ੍ਹਾਂ ਦੀ ਟੈਸਟ ਕਰਿਅਰ ਦੀ ਸ਼ੁਰੂਆਤ ਕਾਫ਼ੀ ਸ਼ਾਨਦਾਰ ਰਹੀ।
ਸਾਲ 2001 ਵਿੱਚ ਸਹਿਵਾਗ ਨੇ ਟੈਸਟ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਨੰਬਰ 6 ਉੱਤੇ ਬੱਲੇਬਾਜ਼ੀ ਕੀਤੀ ਅਤੇ 105 ਦੌੜਾਂ ਬਣਾਈਆਂ, ਨਾਲ ਹੀ ਸਚਿਨ ਦੇ ਨਾਲ 220 ਦੌੜਾਂ ਦੀ ਅਹਿਮ ਸਾਂਝਦਾਰੀ ਵੀ ਕੀਤੀ। ਆਪਣੇ 6ਵੇਂ ਟੈਸਟ ਵਿੱਚ ਸਹਿਵਾਗ ਬਤੌਰ ਸਲਾਮੀ ਬੱਲੇਬਾਜ਼ ਮੈਦਾਨ ਉੱਤੇ ਆਏ ਸਨ ਉਸ ਤੋਂ ਬਾਅਦ ਆਪਣੀ ਵਿਸਫ਼ੋਟਕ ਬੱਲੇਬਾਜ਼ੀ ਦੇ ਦਮ ਉੱਤੇ ਖ਼ੁਦ ਨੂੰ ਓਪਨਰ ਦੇ ਤੌਰ ਉੱਤੇ ਟੀਮ ਇੰਡੀਆ ਵਿੱਚ ਥਾਂ ਬਣਾ ਲਈ।