ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਵਾਸੀਆਂ ਨੇ ਐਤਵਾਰ ਨੂੰ ਰਾਤ 9 ਵਜੇ 9 ਮਿੰਟ ਤੱਕ ਦੀਵੇ, ਮੋਮਬੱਤੀ, ਫਲੈਸ਼ ਲਾਈਟ ਚਲਾ ਕੇ ਤੇਜ਼ੀ ਨਾਲ ਫੈਲ ਰਹੇ ਕੋਵਿਡ-19 ਸੰਕਰਮਣ ਵਿਰੁੱਧ ਦੇਸ਼ ਦੀ ਲੜਾਈ ਵਿੱਚ ਏਕਤਾ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ਲੋਕਾਂ ਨੇ ਪਟਾਕੇ ਵੀ ਚਲਾਏ। ਸਾਬਕਾ ਭਾਰਤੀ ਕ੍ਰਿਕਟਰ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਪਟਾਕੇ ਚਲਾਉਣ 'ਤੇ ਨਾਰਾਜ਼ਗੀ ਜਤਾਈ।
ਗੰਭੀਰ ਨੇ ਇਸ ਮੁੱਦੇ 'ਤੇ ਟਵੀਟ ਕਰ ਲਿਖਿਆ,' ਘਰ ਵਿੱਚ ਰਹੋ ਹਿੰਦੁਸਤਾਨ! ਅਸੀਂ ਅਜੇ ਵੀ ਲੜਾਈ ਦੇ ਮੱਧ ਵਿੱਚ ਹਾਂ, ਇਹ ਸਮਾਂ ਪਟਾਕੇ ਚਲਾਉਣ ਦਾ ਨਹੀਂ ਹੈ।' ਦੱਸ ਦਈਏ ਕਿ ਐਤਵਾਰ ਰਾਤ ਨੂੰ ਕਈ ਥਾਵਾਂ ਤੋਂ ਪਟਾਕੇ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੇ ਨਾਲ ਹੀ ਬਹੁਤ ਸਾਰੀਆਂ ਥਾਵਾਂ ਤੋਂ ਇਹ ਵੀ ਖ਼ਬਰ ਮਿਲੀ ਹੈ ਕਿ ਲੋਕ ਸਮਾਜਕ ਦੂਰੀਆਂ ਦੀ ਪਾਲਣਾ ਕੀਤੇ ਬਗੈਰ ਸੜਕਾਂ 'ਤੇ ਆ ਗਏ।
ਗੌਤਮ ਗੰਭੀਰ ਤੋਂ ਇਲਾਵਾ ਟੀਮ ਇੰਡੀਆ ਦੇ ਆਫ ਸਪਿਨਰ ਆਰ ਅਸ਼ਵਿਨ ਨੇ ਵੀ ਪਟਾਕੇ ਚਲਾਉਣ ਨੂੰ ਗ਼ਲਤ ਕਰਾਰ ਦਿੱਤਾ। ਅਸ਼ਵਿਨ ਨੇ ਟਵੀਟ ਕੀਤਾ, 'ਮੈਂ ਹੈਰਾਨ ਹਾਂ ਕਿ ਇਨ੍ਹਾਂ ਲੋਕਾਂ ਨੇ ਪਟਾਕੇ ਕਿੱਥੋਂ ਖਰੀਦੇ ਅਤੇ ਕਦੋਂ ਖਰੀਦੇ ... ਇਹ ਵੀ ਇੱਕ ਮਹੱਤਵਪੂਰਨ ਸਵਾਲ ਹੈ।'
ਇਸ ਤੋਂ ਇਲਾਵਾ ਸਾਬਕਾ ਟੀਮ ਇੰਡੀਆ ਦੇ ਆਲਰਾਊਂਡਰ ਇਰਫਾਨ ਪਠਾਨ ਨੇ ਵੀ ਪਟਾਕੇ ਸਾੜਨ ਦੇ ਮਾਮਲੇ ਦਾ ਸਖ਼ਤ ਵਿਰੋਧ ਕੀਤਾ। ਪਠਾਨ ਨੇ ਟਵੀਟ ਕੀਤਾ, "ਲੋਕਾਂ ਦੇ ਪਟਾਕੇ ਨਾ ਸਾੜਨ ਤੱਕ ਸਭ ਕੁੱਝ ਠੀਕ ਸੀ।"
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਇੱਕ ਵੀਡੀਓ ਸੰਦੇਸ਼ ਦਿੱਤਾ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਰੌਸ਼ਨੀ ਦੀ ਸ਼ਕਤੀ ਨਾਲ ਕੋਰੋਨਾ ਦੇ ਹਨੇਰੇ ਨੂੰ ਹਰਾਉਣ ਦੀ ਲੋੜ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਐਤਵਾਰ ਰਾਤ ਨੂੰ 9 ਮਿੰਟ ਲਈ ਦੀਵੇ ਜਲਾਉਣ ਦੀ ਅਪੀਲ ਕੀਤੀ ਸੀ।