ਹੈਦਰਾਬਾਦ: ਸਾਬਕਾ ਭਾਰਤੀ ਕ੍ਰਿਕਟਰ ਅਤੇ ਯੂਪੀ ਦੇ ਕੈਬਿਨੇਟ ਮੰਤਰੀ ਚੇਤਨ ਚੌਹਾਨ ਦਾ ਅੱਜ ਦੇਹਾਂਤ ਹੋ ਗਿਆ। ਪਿਛਲੇ ਮਹੀਨੇ ਕੋਰੋਨਾ ਵਾਇਰਸ ਜਾਂਚ ਵਿੱਚ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਸੀ। ਉਨ੍ਹਾਂ ਦੇ ਅੰਗਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਹ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਵੈਂਟੀਲੇਟਰ ਉੱਤੇ ਸਨ।
ਸਾਬਕਾ ਭਾਰਤੀ ਕ੍ਰਿਕਟਰ ਅਤੇ ਯੂਪੀ ਦੇ ਕੈਬਿਨੇਟ ਮੰਤਰੀ ਚੇਤਨ ਚੌਹਾਨ ਦਾ ਹੋਇਆ ਦੇਹਾਂਤ ਦੱਸ ਦਈਏ ਕਿ ਚੇਤਨ ਚੌਹਾਨ ਭਾਰਤੀ ਕ੍ਰਿਕਟ ਟੀਮ ਦੇ ਇੱਕ ਅਹਿਮ ਬੱਲੇਬਾਜ਼ ਰਹਿ ਚੁੱਕੇ ਹਨ। ਉੱਥੇ ਹੀ ਹੁਣ ਚੌਹਾਨ ਭਾਰਤੀ ਰਾਜਨੀਤੀ ਵਿੱਚ ਭੂਮਿਕਾ ਨਿਭਾਅ ਰਹੇ ਸਨ। ਚੇਤਨ ਚੌਹਾਨ ਭਾਰਤੀ ਜਨਤਾ ਪਾਰਟੀ ਤੋਂ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ। 1991 ਅਤੇ 1998 ਦੀਆਂ ਚੋਣਾਂ ਵਿੱਚ ਉਹ ਬੀਜੇਪੀ ਦੀ ਟਿਕਟ ਨਾਲ ਸੰਸਦ ਮੈਂਬਰ ਵੀ ਬਣੇ।
ਭਾਰਤ ਦੇ ਲਈ 40 ਟੈਸਟ ਖੇਡਣ ਵਾਲੇ ਚੌਹਾਨ ਲੰਬੇ ਸਮੇਂ ਤੱਕ ਸੁਨੀਲ ਗਵਾਸਕਰ ਦੇ ਜੋੜੀਦਾਰ ਵੀ ਰਹੇ ਹਨ। ਉਹ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ ਵਿੱਚ ਵੀ ਵੱਖ-ਵੱਖ ਅਹੁਦਿਆਂ ਉੱਤੇ ਰਹੇ ਅਤੇ ਆਸਟ੍ਰੇਲੀਆ ਦੌਰੇ ਉੱਤੇ ਵੀ ਭਾਰਤੀ ਟੀਮ ਦੇ ਮੈਨੇਜਰ ਵੀ ਸਨ।
ਭਾਰਤੀ ਟੀਮ ਵੱਲੋਂ ਸਾਲ 1969 ਵਿੱਚ ਚੇਤਨ ਚੌਹਾਨ ਨੇ ਕੌਮਾਂਤਾਰੀ ਕ੍ਰਿਕਟ ਤੋਂ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਨਿਊਜ਼ੀਲੈਂਡ ਵਿਰੁੱਧ 25 ਸੰਤਬਰ 1969 ਵਿੱਚ ਟੈਸਟ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਚੇਤਨ ਨੇ 40 ਟੈਸਟ ਮੈਚਾਂ ਵਿੱਚ 31.58 ਦੀ ਔਸਤ ਦੇ ਨਾਲ 2084 ਦੌੜਾਂ ਬਣਾਈਆਂ ਸਨ। ਉਨ੍ਹਾਂ ਦਾ ਟੈਸਟ ਸਭ ਤੋਂ ਵਧੀਆ ਸਕੋਰ 97 ਰਿਹਾ ਹੈ। ਇੱਕ ਰੋਜ਼ਾ ਮੈਚਾਂ ਵਿੱਚ ਉਨ੍ਹਾਂ ਨੇ ਕੁੱਲ 7 ਮੈਚ ਖੇਡੇ ਅਤੇ 21.86 ਦੀ ਔਸਤ ਦੇ ਨਾਲ 153 ਦੌੜਾਂ ਬਣਾਈਆਂ।