ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪਾਕਿਸਤਾਨ ਦੀ ਕ੍ਰਿਕਟ ਦੀ ਟੀਮ ਇੰਗਲੈਂਡ ਪਹੁੰਚ ਗਈ ਹੈ। ਪਾਕਿਸਤਾਨ ਨੇ ਇੰਗਲੈਂਡ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਲੜੀ ਅਤੇ ਟੀ-20 ਮੈਚਾਂ ਦੀ ਲੜੀ ਖੇਡਣੀ ਹੈ।
ਮੈਨਚੈਸਟਰ ਵਿੱਚ 5 ਅਗਸਤ ਤੋਂ ਟੈਸਟ ਮੈਚ ਖੇਡੇ ਜਾਣੇ ਹਨ ਜਿਸ ਵਿੱਚ ਕੋਵਿਡ-19 ਦੇ ਮੱਦੇਨਜ਼ਰ ਆਈਸੀਸੀ ਨੇ ਕਈ ਨਿਯਮ ਵੀ ਬਣਾਏ ਗਏ ਹਨ। ਟੈਸਟ ਮੈਚ ਤੋਂ ਪਹਿਲਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਦੀਆਂ ਕੁਝ ਤਸਵੀਰਾਂ ਸਾਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਈਦ ਮਨਾਉਂਦੇ ਵਿਖਾਈ ਦੇ ਰਹੇ ਹਨ।
ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਲੋਕਾਂ ਨੇ ਟ੍ਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਟੀਮ ਨੂੰ ਚਾਹੁੰਣ ਵਾਲੇ ਈਦ ਦੀਆਂ ਮੁਬਾਰਕਾਂ ਵੀ ਦੇ ਰਹੇ ਹਨ। ਹੁਣ ਦੱਸਦੇ ਹਾਂ ਕਿ ਟੀਮ ਨੂੰ ਟ੍ਰੋਲ ਕਿਉਂ ਕੀਤਾ ਜਾ ਰਿਹਾ ਹੈ, ਇਹ ਇਸ ਲਈ ਕਿ ਉਨ੍ਹਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਉਨ੍ਹਾਂ ਨੇ ਮਾਸਕ ਪਾਏ ਹੋਏ ਹਨ। ਹਾਲਾਂਕਿ ਜਦੋਂ ਉਹ ਇੰਗਲੈਂਡ ਪੁੱਜੇ ਸੀ ਤਾਂ ਉਨ੍ਹਾਂ ਦੇ ਕੋਰੋਨਾ ਟੈਸਟ ਵੀ ਕੀਤੇ ਗਏ ਸਨ।
ਇਸ ਦੌਰਾਨ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਇਹ ਲੋਕ ਸੋਸ਼ਲ ਡਿਸਟੈਂਸ ਦਾ ਉਲੰਘਣ ਕਰ ਰਹੇ ਹਨ, ਕੀ ਆਈਸੀਬੀ ਇਸ ਬਾਰੇ ਕਾਰਵਾਈ ਕਰਦਾ ਹੋਇਆ ਉਨ੍ਹਾਂ ਨੂੰ 10 ਦਿਨਾਂ ਲਈ ਇਕਾਂਤਵਾਸ ਭੇਜੇਗਾ।