ਸਾਊਥੈਮਪਟਨ: ਇੰਗਲੈਂਡ ਤੇ ਪਾਕਿਸਤਾਨ ਦੇ ਵਿਚਕਾਰ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੈਸਟ ਲੜੀ ਦਾ ਦੂਜਾ ਮੈਚ ਵੀਰਵਾਰ ਤੋਂ ੲਜੇਜ਼ ਬਾਓਲ ਤੋਂ ਸ਼ੁਰੂ ਹੋ ਰਿਹਾ ਹੈ, ਜਿੱਥੇ ਮਹਿਮਾਨ ਟੀਮ ਲੜੀ ਦੀ ਬਰਾਬਰੀ ਕਰਨ ਲਈ ਉਤਰੇਗੀ ਤੇ ਮੇਜ਼ਬਾਨ ਲੜੀ ਉੱਤੇ ਕਬਜ਼ਾ ਕਰਨਗੇ। ਇੰਗਲੈਂਡ ਨੇ ਮੈਨਚੇਸਟਰ ਵਿੱਚ ਓਲਡ ਟ੍ਰੈਫੋਰਡ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਦੌਰਾਨ ਲੜੀ ਵਿੱਚ 1-0 ਨਾਲ ਬੜ੍ਹਤ ਬਣਾ ਲਈ ਸੀ।
ਇੰਗਲੈਂਡ ਹਾਲਾਂਕਿ ਇਸ ਮੈਚ ਵਿੱਚ ਬੇਨ ਸਟੋਕਸ ਤੋਂ ਬਿਨਾਂ ਖੇਡੇਗਾ, ਜੋ ਪਰਿਵਾਰਕ ਕਾਰਨਾਂ ਕਰ ਕੇ ਨਿਊਜ਼ੀਲੈਂਡ ਗਿਆ ਹੈ। ਮੈਨਚੇਸਟਰ ਵਿੱਚ ਉਸਦਾ ਪ੍ਰਦਰਸ਼ਨ ਚੰਗਾ ਨਹੀਂ ਸੀ ਪਰ ਇਸਤੋਂ ਪਹਿਲਾਂ ਉਸਨੇ ਵੈਸਟਇੰਡੀਜ਼ ਦੀ ਲੜੀ ਵਿੱਚ ਚੰਗਾ ਪ੍ਰਦਰਸ਼ਨ ਕਰ ਕੇ ਟੀਮ ਨੂੰ ਲੜੀ ਦਿਵਾ ਦਿੱਤੀ ਸੀ। ਸਟੋਕਸ ਉਹ ਖਿਡਾਰੀ ਹੈ ਜੋ ਮੈਚ ਨੂੰ ਕਦੇ ਵੀ, ਕਿਤੇ ਵੀ ਮੋੜ ਦੇ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਕਈ ਵਾਰ ਸਾਬਤ ਕੀਤਾ ਹੈ।
ਉਨ੍ਹਾਂ ਦੀ ਗ਼ੈਰਹਾਜ਼ਰੀ ਇੰਗਲੈਂਡ ਲਈ ਘਾਟਾ ਹੈ, ਜਿਸਦੀ ਸ਼ਾਇਦ ਹੀ ਕੋਈ ਪੂਰਤੀ ਕਰ ਸਕੇ। ਸਟੋਕਸ ਦੇ ਬਾਹਰ ਜਾਣ ਨਾਲ ਜੇਮਜ਼ ਐਂਡਰਸਨ ਨੂੰ ਇੱਕ ਹੋਰ ਮੌਕਾ ਮਿਲ ਸਕਦਾ ਹੈ। ਐਂਡਰਸਨ ਹਾਲ ਹੀ ਵਿੱਚ ਸਨਿਆਸ ਦੀਆਂ ਅਫ਼ਵਾਹਾਂ ਨਾਲ ਘਿਰ ਗਿਆ ਸੀ, ਜਿਸ ਤੋਂ ਉਸਨੇ ਇਨਕਾਰ ਕੀਤਾ ਹੈ।