ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ 'ਚ ਪੁੱਜੀ ਇੰਗਲੈਂਡ ਟੀਮ - sports news
ਵਿਸ਼ਵ ਕੱਪ 2019 'ਚ ਇੰਗਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ 'ਚ ਥਾਂ ਪੱਕੀ ਕਰ ਲਈ ਹੈ। ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਫਾਈਨਲ ਮੈਚ ਹੋਵੇਗਾ ਤੇ 23 ਸਾਲਾਂ ਬਾਅਦ ਦੁਨੀਆ ਨੂੰ ਨਵੀਂ ਵਿਸ਼ਵ ਜੇਤੂ ਟੀਮ ਮਿਲੇਗੀ।
ਲੰਦਨ: ਮੇਜਬਾਨ ਇੰਗਲੈਂਡ ਟੀਮ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਇੰਗਲੈਂਡ ਫਾਈਨਲ 'ਚ ਪਹੁੰਚ ਗਿਆ ਹੈ ਜਿਥੇ ਉਸ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ।
ਅਜਿਹਾ 27 ਸਾਲ ਬਾਅਦ ਹੋਇਆ ਹੈ ਜਦ ਇੰਗਲੈਂਡ ਦੀ ਟੀਮ ਵਿਸ਼ਵ ਕੱਪ ਦੇ ਫਾਈਨਲ 'ਚ ਥਾਂ ਬਣਾਉਣ 'ਚ ਕਾਮਯਾਬ ਰਹੀ ਹੋਵੇ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ 1979, 1987 ਤੇ 1992 'ਚ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ 'ਚ ਸਫ਼ਲ ਹੋਈ ਸੀ ਪਰ ਖਿਤਾਬ ਜਿੱਤਣ ਤੋਂ ਰਹਿ ਗਈ ਸੀ।
ਦੂਜੇ ਪਾਸੇ, ਆਸਟ੍ਰੇਲੀਆ ਦੀ ਟੀਮ ਨੂੰ ਵਿਸ਼ਵ ਕੱਪ ਸੈਮੀਫਾਈਨਲ ਮੁਕਾਬਲੇ 'ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਨੇ 1975, 1987, 1996, 2003, 2007 ਤੇ 2015 'ਚ ਸੈਮੀਫਾਈਨਲ ਮੁਕਾਬਲੇ ਜਿੱਤੇ ਸਨ। ਸਾਲ 1999 'ਚ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਸੈਮੀਫਾਈਨਲ ਮੈਚ ਟਾਈ ਰਿਹਾ ਸੀ।