ਨਵੀਂ ਦਿੱਲੀ: ਆਈਸੀਸੀ ਅੰਡਰ 19 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਦੇ ਖ਼ਿਲਾਫ਼ 105 ਦੌੜਾਂ ਦੀ ਪਾਰੀ ਖੇਡਣ ਵਾਲੇ ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵ ਕੱਪ ਵਿੱਚ ਸੈਂਕੜਾ ਮਾਰਨ ਦਾ ਸੁਪਨਾ ਪੂਰਾ ਹੋ ਗਿਆ ਹੈ। ਯਸ਼ਸਵੀ ਦੇ ਸੈਂਕੜੇ ਕਾਰਨ ਭਾਰਤੀ ਅੰਡਰ 19 ਟੀਮ ਨੇ ਮੰਗਲਵਾਰ ਨੂੰ ਪਾਕਿਸਤਾਨ ਅੰਡਰ 19 ਟੀਮ ਨੂੰ ਪਹਿਲੇ ਸੈਮੀਫਾਈਨਲ ਵਿੱਚ 10 ਵਿਕਟਾਂ ਨਾਲ ਮਾਤ ਦਿੱਤੀ ਸੀ।
ਹੋਰ ਪੜ੍ਹੋ: ਹੈਮਿਲਟਨ ਵਨ-ਡੇਅ: ਨਿਊਜ਼ੀਲੈਂਡ ਨੇ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ
ਮੈਚ ਤੋਂ ਬਾਅਦ ਬੱਲੇਬਾਜ਼ ਨੇ ਕਿਹਾ, "ਇਹ ਮੇਰੇ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮੈਂ ਆਪਣੇ ਦੇਸ ਦੇ ਲਈ ਜੋ ਕੀਤਾ, ਉਸ ਤੋਂ ਮੈਂ ਕਾਫ਼ੀ ਖ਼ੁਸ਼ ਹਾਂ। ਮੈਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਮੈਂ ਇਹ ਗੱਲ ਕਦੇ ਨਹੀਂ ਭੁੱਲ ਸਕਦਾ ਹਾਂ ਕਿ ਮੈਂ ਪਾਕਿਸਤਾਨ ਦੇ ਖ਼ਿਲਾਫ਼ ਵਿਸ਼ਵ ਕੱਪ ਵਿੱਚ ਸੈਂਕੜਾ ਮਾਰਿਆ।"
ਹੋਰ ਪੜ੍ਹੋ: Under 19 WC: ਪਾਕਿਸਤਾਨ ਨੂੰ ਹਰਾ ਕੇ ਫਾਈਨਲ 'ਚ ਪਹੁੰਚਿਆ ਭਾਰਤ
ਯਸ਼ਸਵੀ ਦੇ ਨਾਲ ਉਨ੍ਹਾਂ ਦੇ ਜੋੜੀਦਾਰ ਦਿਵਯਾਂਸ਼ ਸਕਸੈਨਾ ਨੇ ਵੀ 59 ਦੌੜਾਂ ਦੀ ਪਾਰੀ ਖੇਡ ਜਿੱਤ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ। ਯਸ਼ਸਵੀ ਨੇ ਕਿਹਾ, "ਇਹ ਤਾਂ ਹਾਲੇ ਸ਼ੁਰੂਆਤ ਹੈ। ਮੈਨੂੰ ਭਵਿੱਖ ਵਿੱਚ ਕਾਫ਼ੀ ਮਿਹਨਤ ਕਰਨੀ ਪਵੇਗੀ। ਮੈਂ ਤੇ ਸਕਸੈਨਾ ਆਪਸ ਵਿੱਚ ਗੱਲ ਕਰ ਰਹੇ ਸੀ ਕਿ ਅਸੀਂ ਵਿਕਟ ਉੱਤੇ ਖੜੇ ਰਹਿਣਾ ਹੈ। ਉਨ੍ਹਾਂ ਨੇ ਸ਼ੁਰੂਆਤ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਤੇ ਸਾਨੂੰ ਸੰਭਾਲ ਕੇ ਖੇਡਣਾ ਪਿਆ।"