ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿੱਚ ਹਾਹਾਕਾਰ ਮਚੀ ਹੋਈ ਹੈ। ਹੁਣ ਇਸ ਦਾ ਅਸਰ ਖੇਡ ਜਗਤ ਉੱਤੇ ਪੈਣਾ ਸ਼ੁਰੂ ਹੋ ਗਿਆ। ਦਰਅਸਲ ਕੋਰੋਨਾ ਵਾਇਰਸ ਨੇ ਕਈ ਖਿਡਾਰੀਆਂ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਫੁੱਟਬਾਲ ਖਿਡਾਰੀ ਹੋਏ ਹਨ।
ਇਸ ਦੇ ਨਾਲ ਹੀ ਕੋਰੋਨਾ ਦਾ ਅਸਰ ਹੁਣ ਕ੍ਰਿਕਟਰਾਂ ਉੱਤੇ ਪਿਆ ਹੈ, ਦਰਅਸਲ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਅਲੈਕਸ ਹੇਲਸ ਵਿੱਚ ਕੋਰੋਨਾ ਦੇ ਲੱਛਣ ਪਾਏ ਗਏ ਹਨ, ਜਾਂਚ ਤੋਂ ਬਾਅਦ ਉਨ੍ਹਾਂ ਵਿੱਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ।
ਦੱਸਣਯੋਗ ਹੈ ਕਿ ਜਦ ਤੋਂ ਹੇਲਸ ਦੀ ਪਾਜ਼ੀਟਿਵ ਰਿਪੋਰਟ ਆਈ ਹੈ ਉਦੋਂ ਤੋਂ ਪਾਕਿਸਤਾਨ ਵਿੱਚ ਕੋਹਰਾਮ ਪੈ ਗਿਆ ਹੈ, ਕਿਉਂਕਿ ਹੇਲਸ ਪਾਕਿਸਤਾਨ ਵਿੱਚ ਖੇਡੀ ਜਾ ਰਹੀ ਪੀ.ਐਸ.ਐਲ਼ (ਪਾਕਿਸਤਾਨ ਸੁਪਰ ਲੀਗ) ਦੇ 5ਵੇਂ ਸੀਜ਼ਨ ਵਿੱਚ ਖੇਡ ਰਹੇ ਸੀ।
ਇਸ ਦੌਰਾਨ ਉਨ੍ਹਾਂ ਨਾਲ ਦੁਨੀਆ ਭਰ ਦੇ ਕਈ ਖਿਡਾਰੀ ਮੌਜੂਦ ਸਨ। ਹੇਲਸ ਵਿੱਚ ਕੋਰੋਨਾ ਦੇ ਲੱਛਣ ਪਾਉਣ ਤੋਂ ਸਾਰੇ ਖਿਡਾਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਸਾਬਕਾ ਕ੍ਰਿਕਟਰ ਰਮੀਜ਼ ਰਾਜਾ ਦੀ ਇੱਕ ਵੀਡੀਓ ਵਾਇਰਸ ਹੋ ਰਹੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਸ਼ਾਇਦ ਅਲੈਕਸ ਹੇਲਸ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ।