ਕੈਨਬੇਰਾ: ਆਸਟ੍ਰੇਲੀਆ ਨੇ ਸਾਲ 2022 ਵਿੱਚ ਪਾਕਿਸਤਾਨ ਵਿਖੇ ਕ੍ਰਿਕਟ ਖੇਡਣ ਦੀ ਗੱਲ ਕਹੀ ਹੈ। ਅਜਿਹੇ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਰਾਬਰਟਸ ਨੇ ਕਿਹਾ ਕਿ ਉਹ ਕਿਸੇ ਵੀ ਮੁਸੀਬਤ ਵਿੱਚ ਨਹੀਂ ਫਸਣ ਦੇਣਗੇ।
ਤੁਹਾਨੂੰ ਦੱਸ ਦਈਏ ਕਿ ਸਾਲ 2009 ਵਿੱਚ ਸ਼੍ਰੀਲੰਕਾਈ ਕ੍ਰਿਕਟ ਟੀਮ ਟੈਸਟ ਮੈਚ ਖੇਡਣ ਲਈ ਲਾਹੌਰ ਗਈ ਸੀ ਉਦੋਂ ਉਨ੍ਹਾਂ ਦੀ ਬੱਸ ਉੱਤੇ ਹਮਲਾ ਹੋਇਆ ਸੀ ਜਿਸ ਵਿੱਚ 6 ਖਿਡਾਰੀਆਂ ਨੂੰ ਸੱਟ ਵੀ ਲੱਗੀ ਸੀ। ਇਸ ਹਮਲੇ ਵਿੱਚ 2 ਪੁਲਿਸ ਵਾਲੇ ਅਤੇ 2 ਹੋਰ ਲੋਕ ਵੀ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਕਈ ਕੌਮਾਂਤਰੀ ਟੀਮਾਂ ਨੇ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਖੇਡਣ ਲਈ ਆਉਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਐਤਵਾਰ ਨੂੰ ਰਾਬਰਟਸ ਪਾਕਿਸਤਾਨ ਤੋਂ ਵਾਪਸ ਆਏ ਸਨ। ਉੱਥੇ ਉਹ ਉੱਚ-ਪੱਧਰੀ ਆਸਟ੍ਰੇਲਆਈ ਕ੍ਰਿਕਟ ਕਮੇਟੀ ਦੇ ਨਾਲ ਗਏ ਸਨ। ਅਜਿਹਾ ਇੱਕ ਦਹਾਕੇ ਵਿੱਚ ਪਹਿਲੀ ਵਾਰ ਹੋਇਆ ਸੀ।
ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਸਾਲ 1998 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਪਰ ਹੁਣ 2022 ਦੀ ਸ਼ੁਰੂਆਤ ਵਿੱਚ ਹੀ ਟੀਮ ਪਾਕਿਸਤਾਨ ਜਾ ਸਕਦੀ ਹੈ।
ਰਾਬਰਟਰਸ ਨੇ ਕਿਹਾ ਕਿ ਸਾਡਾ ਉਦੇਸ਼ ਲੈਂਡਸਕੇਪ ਨੂੰ ਸਮਝਣਾ ਹੈ। ਸੁਰੱਖਿਆ ਨੂੰ ਲੈ ਕੇ ਜੋ ਯੋਜਨਾਵਾਂ ਬਣਾਈਆਂ ਗਈਆਂ ਹਨ, ਉਨ੍ਹਾਂ ਉੱਤੇ ਧਿਆਨ ਦਿੱਤਾ ਜਾਵੇ। ਫ਼ਿਰ ਆਪਣੇ ਖਿਡਾਰੀਆਂ ਅਤੇ ਖੇਡ ਸਟਾਫ ਦੀਆਂ ਸੁਰੱਖਿਆ ਦੀਆਂ ਉਮੀਦਾਂ ਲਾਈਆਂ ਜਾ ਸਕਦੀਆਂ ਹਨ। ਹੁਣ ਵੀ ਸਾਡੇ ਕੋਲ 2 ਸਾਲ ਹਨ। ਚੀਜ਼ਾਂ ਸਹੀ ਦਿਸ਼ਾ ਵਿੱਚ ਜਾ ਰਹੀਆਂ ਹਨ। ਅਸੀਂ ਆਰਮਡ ਕਾਰਾਂ ਵਿੱਚ ਸਫ਼ਰ ਕਰ ਸਕਦੇ ਹਾਂ, ਸਾਡੇ ਕੋਲ ਪੁਲਿਸ ਰਹਿੰਦੀ ਹੈ ਜਿਸ ਨਾਲ ਅਸੀਂ ਕਾਫ਼ੀ ਸੁਰੱਖਿਅਤ ਮਹਿਸੂਸ ਕਰਦੇ ਹਾਂ। ਇਸ ਪੱਧਰ ਦੀ ਸੁਰੱਖਿਆ ਦੀ ਜ਼ਰੂਰਤ ਹੋਵੇਗੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਵਿੱਚ ਕੌਮਾਂਤਰੀ ਕ੍ਰਿਕਟ ਵਾਪਸ ਆਵੇ ਤਾਂ ਵਧੀਆ ਲੱਗੇਗਾ,ਪਰ ਅਸੀਂ ਆਪਣੇ ਖਿਡਾਰੀਆਂ ਨੂੰ ਕਦੇ ਨੁਕਸਾਨ ਨਹੀਂ ਪਹੁੰਚਣ ਦੇਵਾਂਗੇ।
ਇਹ ਵੀ ਪੜ੍ਹੋ : ਗਵਾਸਕਰ ਨੇ ਕਿਹਾ, ਧੋਨੀ ਦਾ ਸਮਾਂ ਖ਼ਤਮ