ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਸਫ਼ਲ ਆਫ਼ ਸਪਿਨਰਾਂ ਵਿੱਚੋਂ ਇੱਕ ਹਰਭਜਨ ਸਿੰਘ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਚੇਅਰਮੈਨ ਸੌਰਵ ਗਾਂਗੁਲੀ ਨੂੰ ਚੋਣ ਕਮੇਟੀ ਵਿੱਚ ਤਬਦੀਲੀ ਕਰਨ ਦੀ ਅਪੀਲ ਕੀਤੀ ਹੈ।
ਹਰਭਜਨ ਨੇ ਕਿਹਾ ਹੈ ਕਿ ਚੋਣ ਕਮੇਟੀ ਵਿੱਚ ਮਜ਼ਬੂਤ ਲੋਕ ਹੋਣੇ ਚਾਹੀਦੇ ਹਨ। ਦਰਅਸਲ, ਹਾਲ ਹੀ ਵਿੱਚ ਚੋਣ ਕਮੇਟੀ ਨੇ ਵਿੰਡੀਜ਼ ਵਿਰੁੱਧ ਵਨਡੇ ਅਤੇ ਟੀ -20 ਟੀਮ ਦਾ ਐਲਾਨ ਕੀਤਾ ਸੀ। ਇਸ ਵਿੱਚ ਇੱਕ ਫੈਸਲਾ ਅਜਿਹਾ ਰਿਹਾ, ਜਿਸ ਨੇ ਨਾ ਸਿਰਫ ਹਰ ਇੱਕ ਨੂੰ ਹੈਰਾਨ ਕਰ ਦਿੱਤਾ, ਬਲਕਿ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਇਸ 'ਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ।
ਐਮਐਸਕੇ ਪ੍ਰਸਾਦ ਦੀ ਚੋਣ ਕਮੇਟੀ ਨੇ ਹਾਲ ਹੀ ਵਿੱਚ ਵਿੰਡੀਜ਼ ਸੀਰੀਜ਼ ਲਈ ਟੀਮ ਦੀ ਚੋਣ ਕੀਤੀ ਸੀ, ਜਿਸ ਵਿੱਚ ਸੰਜੂ ਸੈਮਸਨ ਦੀ ਚੋਣ ਨਹੀਂ ਕੀਤੀ ਗਈ। ਇਸ ਚੋਣ ਪ੍ਰਕਿਰਿਆ ਤੋਂ ਬਾਅਦ ਚੋਣ ਕਮੇਟੀ ਸਖ਼ਤ ਅਲੋਚਨਾ ਵਿੱਚ ਆ ਗਈ ਹੈ। ਸੰਜੂ ਨੂੰ ਬੰਗਲਾਦੇਸ਼ ਵਿਰੁੱਧ ਟੀ-20 ਸੀਰੀਜ਼ ਵਿੱਚ ਥਾਂ ਮਿਲੀ ਪਰ ਉਹ ਆਖਰੀ-11 ਵਿੱਚ ਨਹੀਂ ਖੇਡ ਪਾਏ।
ਸੈਮਸਨ ਨੂੰ ਟੀਮ ਤੋਂ ਹਟਾਏ ਜਾਣ ਤੋਂ ਬਾਅਦ ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਟਵੀਟ ਕੀਤਾ, "ਸੰਜੂ ਸੈਮਸਨ ਨੂੰ ਬਿਨ੍ਹਾਂ ਮੌਕਾ ਦਿੱਤੇ ਹਟਾ ਦਿੱਤਾ ਗਿਆ, ਇਸ ਗੱਲ ਨਾਲ ਬਹੁਤ ਨਿਰਾਸ਼ ਹਾਂ। ਉਹ ਤਿੰਨ ਟੀ -20 ਮੈਚਾਂ ਵਿੱਚ ਪਾਣੀ ਪਿਲਾਉਦੇ ਹੋਏ ਵਿਖਾਈ ਦਿੱਤੇ ਹਨ। ਕੀ ਉਹ ਉਸ ਦਾ ਬੱਲਾ ਵੇਖ ਰਿਹਾ ਸੀ ਜਾਂ ਦਿਲ? "
ਹਰਭਜਨ ਨੇ ਸੋਮਵਾਰ ਨੂੰ ਥਰੂਰ ਦੇ ਟਵੀਟ ਦਾ ਜਵਾਬ ਦਿੱਤਾ, "ਮੈਨੂੰ ਲਗਦਾ ਹੈ ਕਿ ਉਹ ਉਸਦਾ ਦਿਲ ਦੇਖ ਰਹੇ ਸਨ। ਚੋਣ ਕਮੇਟੀ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ, ਮਜ਼ਬੂਤ ਲੋਕਾਂ ਦੀ ਜ਼ਰੂਰਤ ਹੈ। ਉਮੀਦ ਹੈ ਕਿ ਦਾਦਾ ਸੌਰਵ ਗਾਂਗੁਲੀ ਅਜਿਹਾ ਕਰਨਗੇ।"