ਦੁਬਈ: ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਟੌਮ ਬੇਂਟਨ ਅਤੇ ਪਾਕਿਸਤਾਨ ਦੇ ਮੱਧ-ਕ੍ਰਮ ਦੇ ਬੱਲੇਬਾਜ਼ ਮੁਹੰਮਦ ਹਾਫਿਜ਼ ਨੇ ਤਾਜ਼ਾ ਆਈਸੀਸੀ ਟੀ-20 ਰੈਂਕਿੰਗ ਵਿੱਚ ਬੜ੍ਹਤ ਹਾਸਲ ਕਰ ਲਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਉੱਥੇ ਹੀ ਦੂਜੇ ਸਥਾਨ 'ਤੇ ਭਾਰਤ ਦੇ ਬੱਲੇਬਾਜ਼ ਲੋਕੇਸ਼ ਰਾਹੁਲ ਦਾ ਕਬਜ਼ਾ ਹੈ।
ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਖ਼ਤਮ ਹੋ ਗਈ ਹੈ। ਇਸ ਲੜੀ 'ਚ 137 ਦੌੜਾਂ ਬਣਾਉਣ ਵਾਲੇ ਬੇਂਟਨ 152 ਸਥਾਨ ਤੋਂ ਚੜ੍ਹ ਕੇ 43 ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਇੰਗਲੈਂਡ ਦਾ ਇੱਕ ਹੋਰ ਬੱਲੇਬਾਜ਼ ਡੇਵਿਡ ਮਾਲਨ ਵੀ ਚੋਟੀ ਦੇ ਪੰਜ ਖਿਡਾਰੀਆਂ ਵਿੱਚ ਪਰਤਣ ਵਿੱਚ ਕਾਮਯਾਬ ਰਿਹਾ ਹੈ।
ਹਾਫਿਜ਼ ਨੇ ਇਸ ਲੜੀ ਵਿੱਚ ਇਕਪਾਸੜ ਪ੍ਰਦਰਸ਼ਨ ਕੀਤਾ ਤੇ ਮੈਨ ਆਫ ਦਿ ਸੀਰੀਜ਼ ਵੀ ਚੁਣੇ ਗਏ। ਹਾਫਿਜ਼ ਵੀ ਹੁਣ 68ਵੇਂ ਸਥਾਨ ਤੋਂ 44ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਲੜੀ ਵਿੱਚ ਹਾਫਿਜ਼ ਨੇ 155 ਦੌੜਾਂ ਬਣਾਈਆਂ ਸਨ। ਜੌਨੀ ਬੇਅਰਸਟੋ ਵੀ ਇੱਕ ਸਥਾਨ ਉੱਪਰ ਚੜ੍ਹ ਕੇ ਹੁਣ 22ਵੇਂ ਸਥਾਨ 'ਤੇ ਪਹੁੰਚ ਗਏ ਹਨ।
ਪਾਕਿਸਤਾਨ ਦੇ ਲੈੱਗ ਸਪਿਨਰ ਸ਼ਾਦਾਬ ਖਾਨ ਨੂੰ ਵੀ ਗੇਂਦਬਾਜ਼ੀ ਰੈਂਕਿੰਗ ਦਾ ਫਾਇਦਾ ਹੋਇਆ ਹੈ। ਸ਼ਾਦਾਬ 9ਵੇਂ ਸਥਾਨ ਤੋਂ ਹੁਣ 8ਵੇਂ ਸਥਾਨ 'ਤੇ ਪਹੁੰਚ ਗਏ ਹਨ। ਜਦਕਿ ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਚੋਟੀ 'ਤੇ ਬਣੇ ਹੋਏ ਹਨ ਤੇ ਉਨ੍ਹਾਂ ਦੇ ਸਾਥੀ ਮੁਜੀਬ ਉਰ ਰਹਿਮਾਨ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਹੁਣ 12ਵੇਂ ਨੰਬਰ 'ਤੇ ਪਹੁੰਚ ਗਏ ਹਨ।
ਟੋਮ ਕੁਰੈਨ ਅਤੇ ਸ਼ਾਹੀਨ ਸ਼ਾਹ ਅਫਰੀਦੀ ਵੀ ਸਾਂਝੇ ਤੌਰ 'ਤੇ 20 ਵੇਂ ਸਥਾਨ 'ਤੇ ਹਨ। ਕੁਰੈਨ ਨੇ ਸੱਤ ਸਥਾਨ ਦਾ ਫਾਇਦ ਹਾਸਲ ਕੀਤਾ ਹੈ। ਇਸ ਦੇ ਨਾਲ ਹੀ, ਸ਼ਾਹੀਨ 14 ਸਥਾਨ ਉੱਪਰ ਆਏ ਹਨ।