ਹੈਦਰਾਬਾਦ: ਇੰਡੀਅਨ ਪ੍ਰੀਮੀਅਰ ਲੀਗ ਦੀ ਗਵਰਨਿੰਗ ਕੌਂਸਲ ਨੇ ਐਤਵਾਰ ਨੂੰ ਲੀਗ ਦੇ 13ਵੇਂ ਐਡੀਸ਼ਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਟੀ-20 ਕ੍ਰਿਕਟ ਦੀ ਦੁਨੀਆ ਦੀ ਸਭ ਤੋਂ ਮਹਿੰਗੀ ਅਤੇ ਮਸ਼ਹੂਰ ਲੀਗ 19 ਸਤੰਬਰ ਨੂੰ ਅਬੂ ਧਾਬੀ ਵਿੱਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਨਾਲ ਸ਼ੁਰੂ ਹੋਵੇਗੀ। ਆਈ.ਪੀ.ਐਲ. ਦਾ ਇਹ ਸੀਜ਼ਨ 19 ਸਤੰਬਰ ਤੋਂ 10 ਨਵੰਬਰ ਤੱਕ ਯੂ.ਏ.ਈ. ਵਿੱਚ ਖੇਡਿਆ ਜਾਵੇਗਾ।
ਕੋਰੋਨਾ ਵਾਇਰਸ ਦੇ ਕਾਰਨ ਆਈ.ਪੀ.ਐਲ ਇਸ ਸਾਲ ਯੂਏਈ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਲੀਗ ਅਬੂ ਧਾਬੀ, ਸ਼ਾਰਜਾਹ ਅਤੇ ਦੁਬਈ ਵਿਚ ਖੇਡੀ ਜਾਣੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਆਈ.ਪੀ.ਐਲ. ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਦੱਸਿਆ ਸੀ ਕਿ ਇਸ ਦਾ ਕਾਰਜਕਾਲ 6 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਬ੍ਰਿਜੇਸ਼ ਪਟੇਲ ਨੇ ਕਿਹਾ, ਯੂ.ਏ.ਈ. ਵਿੱਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਆਈ.ਪੀ.ਐਲ. 2020 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਇਸ ਟੂਰਨਾਮੈਂਟ ਵਿੱਚ 8 ਟੀਮਾਂ ਮੁੰਬਈ ਇੰਡੀਅਨਜ਼, ਚੇਨਈ ਸੁਪਰ ਕਿੰਗਜ਼, ਦਿੱਲੀ ਕੈਪੀਟਲਸ, ਸਨਰਾਈਜ਼ਰਸ ਹੈਦਰਾਬਾਦ, ਕੋਲਕਾਤਾ ਨਾਈਟ ਰਾਈਡਰਜ਼, ਕਿੰਗਜ਼ ਇਲੈਵਨ ਪੰਜਾਬ, ਆਰਸੀਬੀ ਅਤੇ ਰਾਜਸਥਾਨ ਰਾਇਲਜ਼ ਹਿੱਸਾ ਲੈਣਗੀਆਂ।
ਹਰੇਕ ਟੀਮ ਟੂਰਨਾਮੈਂਟ ਦੇ ਲੀਗ ਪੜਾਅ ਵਿੱਚ ਇੱਕ ਟੀਮ ਨਾਲ 2-2 ਮੈਚ ਖੇਡੇਗੀ। ਇਸ ਤਰ੍ਹਾਂ ਉਹ ਲੀਗ ਪੜਾਅ ਵਿੱਚ ਕੁੱਲ 14 ਮੈਚ ਖੇਡੇਗੀ। ਲੀਗ ਪੜਾਅ ਤੋਂ ਬਾਅਦ ਚੋਟੀ ਦੀਆਂ 4 ਰਹਿਣ ਵਾਲੀਆਂ ਟੀਮਾਂ ਆਈ.ਪੀ.ਐਲ. 2020 ਪਲੇਆਫ ਵਿੱਚ ਆਪਣੀ ਜਗ੍ਹਾ ਬਣਾਉਣਗੀਆਂ। ਪਹਿਲਾ ਕੁਆਲੀਫਾਇਰ ਮੈਚ ਟਾਪ -2 ਵਿੱਚ ਟਿਕੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ, ਐਲੀਮੀਨੇਟਰ ਮੈਚ ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਜਿਹੜੀ ਟੀਮ ਪਹਿਲੇ ਕੁਆਲੀਫਾਇਰ ਵਿੱਚ ਜਿੱਤਦੀ ਹੈ ਉਹ ਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਹਾਰਨ ਵਾਲੀ ਟੀਮ ਦੂਜਾ ਕੁਆਲੀਫਾਇਰ ਖੇਡੇਗੀ। ਇਸ 53 ਰੋਜ਼ਾ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ 8 ਫ੍ਰੈਂਚਾਇਜ਼ੀ ਟੀਮਾਂ ਯੂ.ਏ.ਈ. ਪਹੁੰਚ ਚੁੱਕੀਆਂ ਹਨ ਅਤੇ ਇਸ ਸਮੇਂ ਅਭਿਆਸ ਵਿੱਚ ਹਨ।